ਨਿਊ ਯਾਰਕ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਿੱਖਾਂ ਦੀ ਪਛਾਣ ਬਾਰੇ ਭਰਮ-ਭੁਲੇਖੇ ਦੂਰ ਕਰਨ ਲਈ ਮਨਾਏ ਗਏ ਦਸਤਾਰ ਦਿਹਾੜੇ ਦੌਰਾਨ ਨਿਊ ਯਾਰਕ ਦੇ ਟਾਈਮਜ਼ ਸਕੁਏਅਰ ਵਿਖੇ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ ਨਜ਼ਰ ਆ ਰਹੀਆਂ ਸਨ। ਸਿੱਖਸ ਆਫ਼ ਨਿਊ ਯਾਰਕ ਨਾਂ ਦੀ ਜਥੇਬੰਦੀ ਵੱਲੋਂ ਦਸਤਾਰਾਂ ਸਜਾਉਣ ਦੀ ਮੁਹਿੰਮ ਉਲੀਕੀ ਗਈ ਅਤੇ ਹਰ ਧਰਮ ਤੇ ਨਸਲ ਨਾਲ ਸਬੰਧਤ ਲੋਕਾਂ ਨੇ ਬੇਹੱਦ ਫ਼ਖਰ ਨਾਲ ਆਪਣੇ ਸਿਰ 'ਤੇ ਦਸਤਾਰ ਸਜਾਈ। ਇਸ ਵਾਰ ਦਾ ਦਸਤਾਰ ਦਿਹਾੜਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਿਹਾ। ਨਿਊ ਯਾਰਕ ਵਿਖੇ ਭਾਰਤ ਦੇ ਡਿਪਟੀ ਕੌਂਸਲ ਜਨਰਲ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਆਪਣੇ ਸਿਰ 'ਤੇ ਦਸਤਾਰਾਂ ਸਜਾਉਣ ਲਈ ਪੁੱਜੇ ਲੋਕਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਉਨ•ਾਂ ਕਿਹਾ ਕਿ ਅਮਰੀਕਾ ਵਿਚ ਸਿੱਖੀ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਇਸ ਤੋਂ ਵਧੇਰੇ ਕਾਰਗਰ ਤਰੀਕਾ ਕੋਈ ਹੋਰ ਨਹੀਂ ਹੋ ਸਕਦਾ। ਸਿੱਖਸ ਆਫ਼ ਨਿਊ ਯਾਰਕ ਦੇ ਬਾਨੀ ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਜਾਗਰੂਕਤਾ ਮੁਹਿੰਮ ਤਹਿਤ ਪਿਛਲੇ 7 ਸਾਲ ਦੌਰਾਨ 38 ਹਜ਼ਾਰ ਦਸਤਾਰਾਂ ਸਜਾਈਆਂ ਜਾ ਚੁੱਕੀਆਂ ਹਨ।

ਹੋਰ ਖਬਰਾਂ »