ਬਿਹਾਰ ਦੇ ਉਪ-ਮੁੱਖ ਮੰਤਰੀ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ

ਪਟਨਾ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਾਰੇ ਮੋਦੀਆਂ ਨੂੰ ਚੋਰ ਕਹਿਣਾ ਰਾਹੁਲ ਗਾਂਧੀ ਨੂੰ ਮਹਿੰਗਾ ਪੈ ਗਿਆ ਜਦੋਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਾਂਗਰਸ ਦੇ ਪ੍ਰਧਾਨ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿਤਾ।  ਸੁਸ਼ੀਲ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਦੇ ਹਰ ਮੋਦੀ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਾਨੂੰਨ ਦੀਆਂ ਨਜ਼ਰਾਂ ਵਿਚ ਅਪਰਾਧ ਹੈ। ਉਨ•ਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਭੁੱਲ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਦੱਸ ਦੇਈਏ ਕਿ ਇਕ ਚੋਣ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਬਿਆਨ ਦਿਤਾ ਸੀ। ਰਾਹੁਲ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਸੀ ਕਿ ਆਖ਼ਰ ਸਾਰੇ ਚੋਰਾਂ ਦਾ ਨਾਂ ਮੋਦੀ ਕਿਉਂ ਹੁੰਦਾ ਹੈ। ਇਸ ਦੌਰਾਨ ਰਾਹੁਲ ਨੇ ਨੀਰਵ ਮੋਦੀ ਅਤੇ ਲਲਿਤ ਮੋਦੀ ਦੀ ਮਿਸਾਲ ਪੇਸ਼ ਕਰਦਿਆਂ ਆਪਣੇ ਦਾਅਵੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਪਹਿਲਾਂ ਚੌਕੀਦਾਰ ਚੋਰ ਹੈ, ਦੇ ਮੁੱਦੇ 'ਤੇ ਭਾਜਪਾ ਦੀ ਐਮ.ਪੀ. ਮਿਨਾਕਸ਼ੀ ਲੇਖੀ ਵੀ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੀ ਮੁਕੱਦਮਾ ਦਾਇਰ ਕਰ ਚੁੱਕੀ ਹੈ ਅਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਕਾਂਗਰਸ ਦੇ ਪ੍ਰਧਾਨ ਨੂੰ 22 ਅਪ੍ਰੈਲ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿਤੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.