ਵੈਨਕੂਵਰ, 18 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਵੈਨਕੂਵਰ ਵਿਖੇ ਮੰਗਲਵਾਰ ਨੂੰ ਕਤਲ ਕੀਤੇ ਗਏ ਸ਼ਖਸ ਦੀ ਪਛਾਣ 30 ਸਾਲ ਦੇ ਮਨੋਜ ਕੁਮਾਰ ਵਜੋਂ ਕੀਤੀ ਗਈ ਹੈ। 16 ਅਪ੍ਰੈਲ ਦੀ ਵਾਰਦਾਤ ਦੌਰਾਨ ਮਨੋਜ ਕੁਮਾਰ ਨੂੰ ਰਾਤ 8.30 ਵਜੇ ਗੋਲੀ ਮਾਰੀ ਗਈ। ਵੈਨਕੂਵਰ ਪੁਲਿਸ ਮੁਤਾਬਕ ਵੈਸਟ ਫ਼ੋਰਥ ਐਵੇਨਿਊ ਅਤੇ ਬੁਰਾਰਡ ਸਟ੍ਰੀਟ ਇਲਾਕੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਅਤੇ ਜਦੋਂ ਪੁਲਿਸ ਅਫ਼ਸਰ ਮੌਕੇ 'ਤੇ ਪੁੱਜੇ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ ਅਤੇ ਮਨੋਜ ਕੁਮਾਰ ਦੀ ਮੌਤ ਹੋ ਚੁੱਕੀ ਸੀ। ਮੀਡੀਆਂ ਰਿਪੋਰਟਾਂ ਮੁਤਾਬਕ ਮਨੋਜ ਕੁਮਾਰ ਇਕ ਰੈਸਟੋਰੈਂਟ ਨੇੜੇ ਪਾਰਕ ਕੀਤੀ ਆਪਣੀ ਸਿਲਵਰ ਕਲਰ ਬੀ.ਐਮ.ਡਬਲਿਊ ਕਾਰ ਵਿਚ ਬੈਠਾ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਕਾਂਸਟੇਬਲ ਜੈਸਨ ਡੂਸੈਟ ਨੇ ਦੱਸਿਆ ਕਿ ਗੋਲੀਬਾਰੀ ਦੀ ਮੁਢਲੀ ਪੜਤਾਲ ਤੋਂ ਸਪੱਸ਼ਟ ਹੋ ਗਿਆ ਕਿ ਇਸ ਵਾਰਦਾਤ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿਤਾ ਗਿਆ। ਪੁਲਿਸ ਨੇ ਕਿਹਾ ਕਿ ਕਤਲ ਦੇ ਮਕਸਦ ਬਾਰੇ ਫ਼ਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੋਵੇਗਾ ਪਰ ਇਕ ਗੱਲ ਬਿਲਕੁਲ ਸਾਫ਼ ਹੈ ਕਿ ਮਨੋਜ ਕੁਮਾਰ ਦਾ ਕੋਈ ਪੁਲਿਸ ਰਿਕਾਰਡ ਨਹੀਂ ਸੀ ਅਤੇ ਨਾ ਹੀ ਅਪਰਾਧੀਆਂ ਨਾਲ ਉਸ ਦਾ ਕੋਈ ਰਿਸ਼ਤਾ ਸੀ। ਮੁਢਲੀਆਂ ਰਿਪੋਰਟਾਂ ਮੁਤਾਬਕ ਗੋਲੀਬਾਰੀ ਮਗਰੋਂ ਇਲਾਕੇ ਵਿਚੋਂ ਨਿਕਲੀ ਇਕ ਗੱਡੀ ਖ਼ੁਰਾ-ਖੋਜ ਪਤਾ ਕੀਤਾ ਗਿਆ ਜੋ ਯੂ ਸਟ੍ਰੀਟ ਦੇ ਵੈਸਟ ਟਵੰਟੀ ਸੈਕਿੰਡ ਐਵੇਨਿਊ ਵਿਚ ਮਿਲ ਗਈ। ਭਾਵੇਂ ਇਹ ਗੱਡੀ ਸਿੱਧੇ ਤੌਰ 'ਤੇ ਗੋਲੀਬਾਰੀ ਵਿਚ ਸ਼ਾਮਲ ਨਹੀਂ ਸੀ ਪਰ ਪੁਲਿਸ ਨੇ ਅਗਲੇਰੀ ਪੜਤਾਲ ਲਈ ਇਸ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਤਾਂ ਜਾਂਚਕਰਤਾਵਾਂ ਨਾਲ 604-717-2500 'ਤੇ ਸੰਪਰਕ ਕੀਤਾ ਜਾਵੇ ਜਾਂ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1-800-222-8477 ਕਾਲ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.