ਪੁਲਿਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ, ਇਕ ਹਜ਼ਾਰ ਡਾਲਰ ਤੱਕ ਦਾ ਹੋਵੇਗਾ ਜੁਰਮਾਨਾ

ਬਰੈਂਪਟਨ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨ ਵਿਚ ਬਗ਼ੈਰ ਸੀਟ ਬੈਲਟ ਤੋਂ ਗੱਡੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ 18 ਅਪ੍ਰੈਲ ਤੋਂ 26 ਅਪ੍ਰੈਲ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਫੜੇ ਗਏ ਡਰਾਈਵਰ ਨੂੰ ਇਕ ਹਜ਼ਾਰ ਡਾਲਰ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਸੜਕ ਸੁਰੱਖਿਆ ਯਕੀਨੀ ਬਣਾਉਣ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਪੀਲ ਰੀਜਨਲ ਪੁਲਿਸ ਦੀਆਂ ਸਾਰੀਆਂ ਡਵੀਜ਼ਾਂ ਦੇ ਅਫ਼ਸਰ ਮੁਹਿੰਮ ਵਿਚ ਸ਼ਾਮਲ ਹੋ ਰਹੇ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲ ਦੌਰਾਨ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਵਿਚੋਂ 24 ਫ਼ੀ ਸਦੀ ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। 2019 ਵਿਚ ਸੜਕ ਹਾਦਸਿਆਂ ਦੌਰਾਨ 47 ਜਣਿਆਂ ਦੀ ਮੌਤ ਹੋ ਗਈ ਅਤੇ ਇਨ•ਾਂ ਵਿਚੋਂ 10 ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। ਇਸ ਖ਼ਤਰਨਾਕ ਰੁਝਾਨ ਨੂੰ ਵੇਖਦਿਆਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਵੀ 19 ਅਪ੍ਰੈਲ ਤੋਂ 22 ਅਪ੍ਰੈਲ ਤੱਕ ਸੀਟ ਬੈਲਟ ਸੇਫ਼ਟੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਉਧਰ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਯਕੀਨੀ ਬਣਾਈ ਜਾਵੇ ਅਤੇ ਅਜਿਹਾ ਨਾ ਕਰਨ ਵਾਲਿਆਂ ਨੂੰ 200 ਡਾਲਰ ਤੋਂ ਇਕ ਹਜ਼ਾਰ ਡਾਲਰ ਦਾ ਜੁਰਮਾਨਾ ਭੁਗਤਣਾ ਪਵੇਗਾ। ਪੁਲਿਸ ਨੇ ਕਿਹਾ ਕਿ ਸੀਟ ਬੈਲਟ ਖ਼ਰਾਬ ਹੋਣ ਦੀ ਸੂਰਤ ਵਿਚ ਡਰਾਈਵਰਾਂ ਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ।

ਹੋਰ ਖਬਰਾਂ »