3 ਗਿਰਜਾ ਘਰਾਂ ਅਤੇ 3 ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ

ਕੋਲੰਬੋ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸ੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਮੌਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ਵਿਚ 210 ਲੋਕ ਮਾਰੇ ਗਏ ਅਤੇ 450 ਤੋਂ ਵੱਧ ਜ਼ਖਮੀ ਹੋ ਗਏ।  ਘੱਟੋ-ਘੱਟ ਦੋ ਧਮਾਕੇ ਆਤਮਘਾਤੀ ਹਮਲਾਵਰਾਂ ਨੇ ਕੀਤੇ ਅਤੇ ਮੁਲਕ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਤਰਾਸਦੀ ਮੰਨੇ ਜਾ ਰਹੇ ਇਨ•ਾਂ ਹਮਲਿਆਂ ਦੇ ਸਬੰਧ ਵਿਚ ਪੁਲਿਸ ਨੇ 7 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪਹਿਲਾ ਧਮਾਕਾ ਕੋਲੰਬੋ ਦੀ ਸੇਂਟ ਐਂਥਨੀ ਚਰਚ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 8.45 ਵਜੇ ਹੋਇਆ। ਇਸ ਮਗਰੋਂ ਪੱਛਮੀ ਤਟਵਰਤੀ ਸ਼ਹਿਰ ਨਿਗੌਂਬੋ ਦੀ ਸੇਂਟ ਸੈਬਸਟੀਅਨ ਚਰਚ ਅਤੇ ਬੱਟੀਕਲੋਆ ਕਸਬੇ ਦੀ ਇਕ ਚਰਚ ਵਿਚ ਧਮਾਕੇ ਕੀਤੇ ਗਏ। ਧਮਾਕਿਆਂ ਦਾ ਨਿਸ਼ਾਨਾ ਬਣੇ ਹੋਟਲਾਂ ਵਿਚ ਕੋਲੰਬੋ ਦਾ ਸ਼ਾਂਗਰੀਲਾ ਹੋਟਲ, ਕਿੰਗਜ਼ਬਰੀ ਹੋਟਲ ਅਤੇ ਸਿਨਮਨ ਗ੍ਰੈਂਡ ਹੋਟਲ ਸ਼ਾਮਲ ਹਨ। ਗਿਰਜਾ ਘਰਾਂ ਵਿਚ ਹਰ ਪਾਸੇ ਲਾਸ਼ਾਂ ਦੇ ਟੁਕੜੇ ਅਤੇ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ ਜਦਕਿ ਧਮਾਕਿਆਂ ਵਿਚ ਬਚ ਗਏ ਲੋਕ ਆਪਣੇ ਨਜ਼ਦੀਕੀਆਂ ਦੀ ਮੌਤ 'ਤੇ ਵਿਰਲਾਪ ਰਹੇ ਸਨ। ਫ਼ਿਲਹਾਲ ਕਿਸੇ ਜਥੇਬੰਦੀ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਧਮਾਕਿਆਂ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਐਮਰਜੰਸੀ ਮੀਟਿੰਗ ਸੱਦ ਲਈ। ਜਾਣਕਾਰੀ ਮਿਲੀ ਹੈ ਕਿ ਸ੍ਰੀਲੰਕਾ ਦੇ ਪੁਲਿਸ ਮੁਖੀ ਨੇ 10 ਦਿਨ ਪਹਿਲਾਂ ਹੀ ਸੁਚੇਤ ਕਰ ਦਿਤਾ ਸੀ ਕਿ ਆਤਮਘਾਤੀ ਹਮਲਾਵਰ ਦੇਸ਼ ਦੇ ਗਿਰਜਾ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਘੜ ਰਹੇ ਹਨ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.