ਭੋਪਾਲ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬੀਜੇਪੀ ਦੀ ਟਿਕਟ ਮਿਲਣ ਮਗਰੋਂ ਲਗਾਤਾਰ ਭੜਕਾਊ ਬਿਆਨਬਾਜ਼ੀ ਕਰ ਰਹੀ ਸਾਧਵੀ ਪ੍ਰਗਿਆ ਠਾਕੁਰ ਨੇ ਇਹ ਸਿਲਸਿਲਾ ਜਾਰੀ ਰਖਦਿਆਂ ਐਤਵਾਰ ਨੂੰ ਕਿਹਾ ਕਿ ਬਾਬਰੀ ਮਸਜਿਦ ਢਾਹਿ-ਢੇਰੀ ਕਰਨ ਵਿਚ ਯੋਗਦਾਨ ਪਾਉਣ 'ਤੇ ਉਸ ਨੂੰ ਮਾਣ ਹੈ। ਇਕ ਇੰਟਰਵਿਊ ਦੌਰਾਨ ਸਾਧਵੀ ਨੇ ਆਖਿਆ ਕਿ ਸਾਨੂੰ ਕਦੇ ਵੀ ਬਾਬਰੀ ਮਸਜਿਦ ਢਾਹੁਣ ਦਾ ਅਫ਼ਸੋਸ ਨਹੀਂ ਹੋਇਆ ਅਤੇ ਅਸੀ ਵੱਡਾ ਰਾਮ ਮੰਦਰ ਬਣਾ ਕੇ ਹੀ ਸਾਹ ਲਵਾਂਗੇ। ਇਸ ਤੋਂ ਪਹਿਲਾਂ ਸਾਧਵੀ ਪ੍ਰਗਿਆ ਠਾਕੁਰ ਨੇ 26 ਨਵੰਬਰ 2008 ਦੇ ਹਮਲੇ ਦੌਰਾਨ ਮਾਰੇ ਗਏ ਪੁਲਿਸ ਅਫ਼ਸਰ ਹੇਮੰਤ ਕਰਕਰੇ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਜਿਸ 'ਤੇ ਚੋਣ ਕਮਿਸ਼ਨ ਨੇ ਸਾਧਵੀ ਨੂੰ 24 ਘੰਟੇ ਦੇ ਅੰਦਰ ਜਵਾਬ ਦਾਖ਼ਲ ਕਰਨ ਦੇ ਹੁਕਮ ਦਿਤੇ। ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਬੀਜੇਪੀ ਵੱਲੋਂ ਸਾਧਵੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਤੁਰਤ ਮਗਰੋਂ ਵਿਵਾਦਤ ਬਿਆਨ ਆਉਣੇ ਸ਼ੁਰੂ ਹੋ ਗਏ ਸਨ। ਉਧਰ ਸਾਧਵੀ ਦਾ ਮੁਕਾਬਲਾ ਕਰ ਰਹੇ ਕਾਂਗਰਸੀ ਉਮੀਦਵਾਰ ਦਿਗਵਿਜੇ ਸਿੰਘ ਨੇ ਹਿੰਦੂਤਵ ਦੇ ਮੁੱਦੇ 'ਤੇ ਕਿਹਾ, ''ਮੈਂ ਹਿੰਦੂ ਧਰਮ ਨੂੰ ਮੰਨਦਾ ਹਾਂ ਪਰ ਕਦੇ ਵੀ ਆਪਣੇ ਧਰਮ ਨੂੰ ਸੰਘ ਦੇ ਹਿੰਦੂਤਵ ਨਾਲ ਨਹੀਂ ਜੋੜ ਸਕਦਾ।'' ਉਨ•ਾਂ ਦਾਅਵਾ ਕੀਤਾ ਕਿ ਸੰਘ ਦਾ ਹਿੰਦੂਤਵ ਜੋੜਨ ਦਾ ਨਹੀਂ ਸਗੋਂ ਤੋੜਨ ਦਾ ਕੰਮ ਕਰਦਾ ਹੈ ਅਤੇ ਇਹ ਰਾਜਨੀਤਕ ਸੱਤਾ 'ਤੇ ਕਾਬਜ਼ ਹੋਣ ਦੀ ਸਾਜ਼ਿਸ਼ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.