ਨਵੀਂ ਦਿੱਲੀ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਇਕ ਅਣਕਿਆਸੇ ਘਟਨਾਕ੍ਰਮ ਤਹਿਤ ਭਾਰਤੀ ਸੁਪਰੀਮ ਕੋਰਟ ਵਿਚੋਂ ਬਰਖ਼ਾਸਤ ਮਹਿਲਾ ਮੁਲਾਜ਼ਮ ਨੇ ਅਦਾਲਤ ਦੇ 22 ਜੱਜਾਂ ਨੂੰ ਪੱਤਰ ਲਿਖ ਕੇ ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਾ ਦਿਤੇ। ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਨੂੰ ਚੀਫ਼ ਜਸਟਿਸ ਨੇ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਮਾਮਲੇ ਦੀ ਸੁਣਵਾਈ ਲਈ ਬੈਂਚ ਗਠਿਤ ਕਰ ਦਿਤਾ। ਚੀਫ਼ ਜਸਟਿਸ ਨੇ ਕਿਹਾ ਕਿ ਕਿਸੇ 'ਵੱਡੀ ਤਾਕਤ' ਵੱਲੋਂ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਇਹ ਸਾਜ਼ਿਸ਼ ਘੜੀ ਗਈ ਹੈ। ਦੱਸ ਦੇਈਏ ਕਿ ਚੀਫ਼ ਜਸਟਿਸ ਗੋਗੋਈ ਦੇ ਦਿੱਲੀ ਸਥਿਤ ਘਰ ਵਿਚ ਬਣੇ ਦਫ਼ਤਰ 'ਚ ਪਿਛਲੇ ਸਾਲ ਅਕਤੂਬਰ ਦੌਰਾਨ ਕੰਮ ਕਰਨ ਵਾਲੀ ਇਕ ਮਹਿਲਾ ਮੁਲਾਜ਼ਮ ਦੁਆਰਾ ਦੋਸ਼ ਲਾਏ ਜਾਣ ਮਗਰੋਂ ਨਿਆਂਪਾਲਿਕਾ ਹੈਰਾਨ ਰਹਿ ਗਈ। ਮਹਿਲਾ ਵੱਲੋਂ ਦਾਖ਼ਲ ਹਲਫ਼ਨਾਮੇ ਦੇ ਆਧਾਰ 'ਤੇ ਕੁਝ ਨਿਊਜ਼ ਪੋਰਟਲਾਂ ਨੇ ਦੋਸ਼ਾਂ ਨੂੰ ਨਸ਼ਰ ਕੀਤਾ ਜਿਸ ਮਗਰੋਂ ਕਾਹਲੀ ਵਿਚ ਲੱਗੀ ਅਦਾਲਤ ਦੀ ਪ੍ਰਧਾਨਗੀ ਚੀਫ਼ ਜਸਟਿਸ ਨੇ ਖੁਦ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ 'ਮੀਡੀਆ ਦੀ ਸਿਆਣਪ' ਉਤੇ ਛੱਡਦੇ ਹਨ ਅਤੇ ਹਰ ਸ਼ਖਸ ਸੰਜਮ ਵਰਤਦਿਆਂ ਜ਼ਿੰਮੇਵਾਰੀ ਨਾਲ ਆਪਣਾ ਕਾਰਜ ਨਿਭਾਵੇ ਤਾਂਕਿ ਨਿਆਂਪਾਲਿਕਾ ਦੀ ਆਜ਼ਾਦੀ 'ਤੇ ਕੋਈ ਅਸਰ ਨਾ ਪਵੇ। ਉਂਜ ਅਦਾਲਤ ਨੇ ਪਾਬੰਦੀ ਵਾਲਾ ਕੋਈ ਵੀ ਹੁਕਮ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਆਪਣੇ ਹਲਫ਼ਨਾਮੇ ਵਿਚ ਮਹਿਲਾ ਨੇ ਜਿਨਸੀ ਸ਼ੋਸ਼ਣ ਦੀਆਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਇਹ ਦੋਵੇਂ ਜਸਟਿਸ ਗੋਗੋਈ ਦੇ ਚੀਫ਼ ਜਸਟਿਸ ਬਣਨ ਤੋਂ ਬਾਅਦ ਵਾਪਰਨ ਦਾ ਦਾਅਵਾ ਕੀਤਾ ਗਿਆ ਹੈ। ਮਹਿਲਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਗੋਗੋਈ ਦਾ ਵਿਰੋਧ ਕੀਤਾ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ। ਮਹਿਲਾ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਅਤੇ ਇਕ ਹੋਰ ਰਿਸ਼ਤੇਦਾਰ, ਜੋ ਦੋਵੇਂ ਹੈੱਡ ਕਾਂਸਟੇਬਲ ਸਨ, ਨੂੰ 2012 ਦੇ ਅਪਰਾਧਿਕ ਮਾਮਲੇ ਤਹਿਤ ਮੁਅੱਤਲ ਕਰ ਦਿੱਤਾ ਗਿਆ ਜਿਸ ਦਾ ਆਪਸੀ ਸੁਲ•ਾ ਨਾਲ ਨਿਪਟਾਰਾ ਹੋ ਗਿਆ ਸੀ। ਆਪਣੇ ਹਲਫ਼ਨਾਮੇ ਵਿਚ ਉਸ ਨੇ ਦੋਸ਼ ਲਾਇਆ ਕਿ ਗੋਗੋਈ ਦੀ ਪਤਨੀ ਦੇ ਪੈਰਾਂ 'ਚ ਨੱਕ ਰਗੜਨ ਲਈ ਵੀ ਉਸ ਨੂੰ ਮਜਬੂਰ ਕੀਤਾ ਗਿਆ ਅਤੇ ਇਕ ਅਪਾਹਜ ਰਿਸ਼ਤੇਦਾਰ ਨੂੰ ਸੁਪਰੀਮ ਕੋਰਟ ਦੀ ਨੌਕਰੀ ਤੋਂ ਹਟਾ ਦਿਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.