ਸਰੀ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਰੀ ਦੇ ਵਿਸਾਖੀ ਨਗਰ ਕੀਰਤਨ ਵਿਚ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਾਜ਼ਰੀ ਲਵਾਉਂਦਿਆਂ ਨਵਾਂ ਰਿਕਾਰਡ ਕਾਇਮ ਕਰ ਦਿਤਾ। ਖ਼ਾਲਸਾ ਸਾਜਨਾ ਦਿਹਾੜੇ ਦੇ ਸਬੰਧ ਵਿਚ ਸਜਾਏ ਅਲੌਕਿਕ ਨਗਰ ਕੀਰਤਨ ਦੌਰਾਨ ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆਂ ਦੇ ਕੋਨੇ-ਕੋਨੇ ਤੋਂ ਸੰਗਤ ਪੁੱਜੀ ਹੋਈ ਸੀ। ਸਰੀ ਦੀਆਂ ਗਲੀਆਂ ਵਿਚ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ ਅਤੇ ਦਰਜਨਾਂ ਵੰਨ-ਸੁਵੰਨੇ ਫਲੋਟ, ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਏ ਨਗਰ ਕੀਰਤਨ ਵਿਚ ਸੰਗਤ ਗੁਰਬਾਣੀ ਕੀਰਤਨ ਕਰਦੀ ਹੋਈ ਅੱਗੇ ਵਧ ਰਹੀ ਸੀ ਜਦਕਿ ਬੱਚੇ ਅਤੇ ਨੌਜਵਾਨ ਗਤਕੇ ਦੇ ਜੌਹਰ ਵਿਖਾ ਰਹੇ ਸਨ। ਸੰਗਤ ਦੀ ਸੇਵਾ ਲਈ ਹਰ ਪਾਸੇ ਲੰਗਰ ਵੀ ਲੱਗੇ ਹੋਏ ਸਨ। ਨਗਰ ਕੀਰਤਨ ਦੇ ਪ੍ਰਬੰਧਕ ਮਨਿੰਦਰ ਸਿੰਘ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿਚ ਸੰਗਤ ਦੀ ਹਾਜ਼ਰੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਸਮਾਗਮ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦਾ ਹੈ। ਸਰੀ-ਨਿਊਟਨ ਤੋਂ ਐਮ.ਪੀ. ਸੁੱਖ ਧਾਲੀਵਾਲ ਨੇ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਿੱਖਾਂ ਦਾ ਕੈਨੇਡਾ ਵਿਚ 120 ਸਾਲ ਪੁਰਾਣਾ ਇਤਿਹਾਸ ਹੈ। ਸਿੱਖਾਂ ਨੇ ਨਾ ਸਿਰਫ਼ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਲੜੀ ਸਗੋਂ ਉਦਯੋਗ ਸਥਾਪਤ ਕਰਨ ਵਿਚ ਵੀ ਮੋਹਰੀ ਰਹੇ ਜਿਸ ਦੇ ਸਿੱਟੇ ਵਜੋਂ ਹਰ ਖੇਤਰ ਵਿਚ ਸਿੱਖ ਭਾਈਚਾਰੇ ਨੇ ਤਰੱਕੀ ਕੀਤੀ। ਦੱਸ ਦੇਈਏ ਕਿ ਪੰਜਾਬ ਤੋਂ ਬਾਹਰ ਸਜਾਏ ਜਾਂਦੇ ਸਭ ਤੋਂ ਵੱਡੇ ਨਗਰ ਕੀਰਤਨ ਦਾ ਮਾਣ ਸਰੀ ਦੀ ਵਿਸਾਖੀ ਪਰੇਡ ਨੂੰ ਹਾਸਲ ਹੈ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੋ ਸਾਲ ਪਹਿਲਾਂ ਚਾਰ ਲੱਖ ਦਾ ਰਿਕਾਰਡ ਟੁੱਟਿਆ ਸੀ ਅਤੇ ਇਸ ਵਾਰ ਪੰਜ ਲੱਖ ਤੋਂ ਵੱਧ ਸੰਗਤ ਨੇ ਹਾਜ਼ਰੀ ਭਰੀ।

ਹੋਰ ਖਬਰਾਂ »

ਹਮਦਰਦ ਟੀ.ਵੀ.