ਨਵੀਂ ਦਿੱਲੀ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਵਿਰੁੱਧ ਲੱਗੇ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ 'ਤੇ ਅੱਜ ਸੁਣਵਾਈ ਸ਼ੁਰੂ ਹੋ ਗਈ। ਸੁਪਰੀਮ ਕੋਰਟ ਦੇ ਸਪੈਸ਼ਲ ਬੈਂਚ ਦੀ ਅਗਵਾਈ ਕਰ ਰਹੇ ਜਸਟਿਸ ਐਸ.ਏ. ਬੋਬਡੇ ਨੇ ਦੋਸ਼ ਲਾਉਣ ਵਾਲੀ ਮਹਿਲਾ ਨੂੰ ਨੋਟਿਸ ਜਾਰੀ ਕਰਦਿਆਂ 26 ਅਪ੍ਰੈਲ ਨੂੰ ਤਲਬ ਕਰ ਲਿਆ ਅਤੇ ਇਸ ਦੇ ਨਾਲ ਹੀ ਚੀਫ਼ ਜਸਟਿਸ ਵਿਰੁੱਧ ਸਾਜ਼ਿਸ਼ ਚੱਲ ਰਹੀ ਹੋਣ ਦਾ ਦਾਅਵਾ ਕਰਨ ਵਾਲੇ ਵਕੀਲ ਉਤਸਵ ਨੇ ਸਬੂਤ ਅਦਾਲਤ ਨੂੰ ਸੌਂਪ ਦਿਤੇ। ਵਕੀਲ ਉਤਸਵ ਬੈਂਸ ਨੇ ਕਿਹਾ ਕਿ ਚੀਫ਼ ਜਸਟਿਸ ਵਿਰੁੱਧ ਵੱਡੀ ਸਾਜ਼ਿਸ਼ ਘੜੀ ਗਈ ਅਤੇ ਇਸ ਵਿਚ ਵੱਡਾ ਕਾਰਪੋਰੇਟ ਘਰਾਣਾ ਸ਼ਾਮਲ ਹੈ। ਵਕੀਲ ਨੇ ਜਾਂਚ ਏਜੰਸੀਆਂ ਦੇ ਮੁਖੀਆਂ ਨੂੰ ਮਿਲਣ ਦੀ ਮੰਗ ਵੀ ਕੀਤੀ। ਬੈਂਚ ਨੇ ਦਸਤਾਵੇਜ਼ਾਂ 'ਤੇ ਗੌਰ ਕਰਨ ਮਗਰੋਂ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੂੰ ਆਖਿਆ ਕਿ ਕਿਸੇ ਜ਼ਿੰਮੇਵਾਰ ਜਾਂਚ ਅਫ਼ਸਰ ਨੂੰ ਚੈਂਬਰ ਵਿਚ ਸੱਦਿਆ ਜਾਵੇ। ਜੇ ਮਾਮਲਾ ਸਹੀ ਹੈ ਤਾਂ ਬੇਹੱਦ ਗੰਭੀਰ ਹੈ ਜਿਸ ਦੇ ਮੱਦੇਨਜ਼ਰ ਉਤਸਵ ਬੈਂਸ ਦੀ ਸੁਰੱਖਿਆ ਬਰਕਰਾਰ ਰੱਖੀ ਜਾਵੇ। ਇਸ ਮਗਰੋਂ ਜਸਟਿਸ ਅਰੁਣ ਮਿਸ਼ਰਾ ਨੇ ਇੰਟੈਲੀਜੈਂਸ ਬਿਊਰੋ, ਸੀ.ਬੀ.ਆਈ. ਦੇ ਡਾਇਰੈਕਟਰ ਅਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਚੈਂਬਰ ਵਿਚ ਸੱਦ ਲਿਆ। ਸਾਰੇ ਅਫ਼ਸਰਾਂ ਨਾਲ ਸਪੈਸ਼ਲ ਬੈਂਚ ਵੱਲੋਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਚੇਤੇ ਰਹੇ ਕਿ ਵਕੀਲ ਉਤਸਵ ਬੈਂਸ ਨੇ ਅਦਾਲਤ ਵਿਚ ਹਲਫ਼ਨਾਮਾ ਦਾਖ਼ਲ ਕਰਦਿਆਂ ਕਿਹਾ ਸੀ ਕਿ ਭਾਰਤ ਦੇ ਚੀਫ਼ ਜਸਟਿਸ ਵਿਰੁੱਧ ਦੋਸ਼ ਲਾਉਣ ਵਾਲੀ ਮਹਿਲਾ ਦੀ ਪੈਰਵੀ ਕਰਨ ਲਈ ਅਜੇ ਨਾਂ ਦੇ ਸ਼ਖਸ ਨੇ ਉਨ•ਾਂ ਨੂੰ ਡੇਢ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.