ਚਾਰ ਸਾਲਾਂ 'ਚ ਕੀਤਾ 6 ਲੱਖ ਡਾਲਰ ਦਾ ਘਪਲਾ

ਔਟਵਾ, 25 ਅਪ੍ਰੈਲ (ਹਮਦਰਦ ਸਮਾਚਾਰ ਸੇਵਾ): ਲੰਬੇ ਸਮੇਂ ਤੋਂ ਔਟਵਾ ਦੀ ਸੈਟ ਲੂਕ ਲੂਥਰਨ ਚਰਚ ਵਿੱਚ ਖ਼ਜ਼ਾਨਚੀ ਵਜੋਂ ਸੇਵਾਵਾਂ ਨਿਭਾ ਰਹੇ ਬਾਰਟਨ ਬੂਰੋਨ 'ਤੇ ਚਰਚ ਦੀ ਗੋਲਕ 'ਚ ਸੰਨ• ਲਾਉਂਦਿਆਂ ਛੇ ਲੱਖ ਡਾਲਰ ਦਾ ਘਪਲਾ ਕਰਨ ਦਾ ਦੋਸ਼ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਂਟਰੀਉ  ਅਦਾਲਤ ਦੇ ਜਸਟਿਸ ਮੈਥਿਊ ਵੈਬਰ ਨੇ ਚਰਚ ਦੇ ਖ਼ਜ਼ਾਨਚੀ ਅਤੇ ਕੈਨੇਡਾ ਦੇ ਦਫ਼ਤਰ 'ਚ ਸਾਬਕਾ ਓਡੀਟਰ ਜਨਰਲ ਵਜੋਂ ਰਹਿ ਚੁੱਕੇ ਬਾਰਟਨ ਬੂਰੋਨ ਨੂੰ ਹਾਲ ਹੀ ਵਿੱਚ ਦੋਸ਼ੀ ਐਲਾਨ ਕਰ ਦਿੱਤਾ ਗਿਆ ਹੈ। ਜਸਟਿਸ ਦਾ ਕਹਿਣਾ ਹੈ ਕਿ ਬੂਰੋਨ ਨੇ ਚਰਚ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਲਗਭਗ ਚਾਰ ਸਾਲਾਂ ਤੋਂ ਧੋਖੇ 'ਚ ਰੱਖਿਆ ਹੈ। ਬੂਰੋਨ ਨੇ ਚਰਚ ਦੇ ਫ਼ੰਡਾਂ ਦਾ ਆਪਣੇ ਸੁਆਰਥ ਲਈ ਗ਼ੈਰਕਾਨੂੰਨੀ ਢੰਗ ਨਾਲ ਵਰਤਿਆ ਅਤੇ ਤਕਰੀਬਨ ਛੇ ਲੱਖ ਡਾਲਰ ਦੀ ਧੋਖਾਧੜੀ ਕੀਤੀ ਹੈ। ਬੂਰੋਨ 'ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਸੈਂਟ ਲੂਕ ਚਰਚ ਦੀ ਗੋਲਕ ਤੋਂ 607,725.13 ਡਾਲਰ ਆਪਣੇ ਇਕ ਰਿਅਲ ਇਸਟੇਟ ਬਿਜਨਸ 'ਚ ਲਾਇਆ ਸੀ ਜੋ ਕਿ 2013 ਵਿੱਚ ਬੰਦ ਹੋ ਗਿਆ ਅਤੇ ਚਰਚ ਨੂੰ ਇੱਕ ਪੈਸਾ ਵਾਪਸ ਨਾ ਕੀਤਾ। ਇਸ ਮੁਕੱਦਮੇ ਦੌਰਾਨ ਬੂਰੋਨ ਦੇ ਵਕੀਲ ਦਾ ਕਹਿਣਾ ਸੀ ਕਿ ਬੂਰੋਨ ਨੇ ਚਰਚ ਦੇ ਪੈਸੇ 'ਚ ਘਪਲਾ ਕਰਨ ਦੇ ਮਕਸਦ ਨਾਲ ਇੱਕ ਜ਼ੋਖ਼ਮ ਭਰੇ ਰਿਅਲ ਇਸਟੇਟ ਬਿਜਨਸ ਪ੍ਰਾਜੈਕਟ 'ਚ ਨਹੀਂ ਲਾਇਆ ਸੀ ਉਸ ਨੂੰ ਉਮੀਦ ਸੀ ਕਿ ਅੱਗੇ ਜਾ ਕੇ ਲਾਇਆ ਹੋਇਆ ਇਹ ਪੈਸਾ ਚਰਚ ਲਈ ਲਾਭਦਾਇਕ ਹੋਵੇਗਾ ਅਤੇ ਇਸ ਦਾ ਫ਼ਾਇਦਾ ਚਰਚ ਨੂੰ ਹੋਵੇਗਾ। ਅਪ੍ਰੈਲ 2014 ਤੱਕ ਉਸ ਦੇ ਅਪਰਾਧਿਕ ਕਾਰਨਾਮਿਆਂ ਦਾ ਚਰਚ ਦੇ ਅਧਿਕਾਰੀਆਂ ਨੂੰ ਕੁਝ ਪਤਾ ਨਾ ਲੱਗਾ ਪਰ ਜਦੋਂ ਉਸ ਨੇ ਖ਼ਜਾਨਚੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤਾਂ ਅਧਿਕਾਰੀਆਂ ਨੂੰ ਚਰਚ ਦੇ ਵਿੱਤੀ ਰਿਕਾਰਡਾਂ ਤੋਂ ਇਸ ਘਪਲੇ ਦਾ ਪਤਾ ਲੱਗਿਆ ਅਤੇ ਉਸ ਵਿਰੁਧ ਕਾਰਵਾਈ ਕੀਤੀ ਗਈ।  ਇਸੇ ਦੋਸ਼ ਤਹਿਤ ਉਸ ਨੂੰ ਇਸ ਸਾਲ ਦੇ ਅੰਤ ਤੱਕ ਸਜ਼ਾ ਸੁਣਾ ਦਿੱਤੀ ਜਾਵੇਗੀ।

ਹੋਰ ਖਬਰਾਂ »