ਇਸਲਾਮਾਬਾਦ, 26 ਅਪ੍ਰੈਲ, (ਹ.ਬ.) : ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਚਾਲੂ ਕਰਨ ਲਈ ਸਮਝੌਤਾ ਕਰਨ ਵਾਸਤੇ ਹੋਣ ਵਾਲੀ ਗੱਲਬਾਤ ਨੂੰ ਭਾਰਤ ਜਾਣ-ਬੁੱਝ ਕੇ ਲੰਬਿਤ ਕਰ ਰਿਹਾ ਹੈ। ਇਸ ਕਾਰੀਡੋਰ ਨਾਲ ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਅਤੇ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਵਿਚ ਸਥਿਤ ਡੇਰਾ ਬਾਬਾ ਨਾਨਕ ਧਾਮ ਨਾਲ ਜੁੜੇਗਾ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ, 'ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਕਰਤਾਰਪੁਰ ਲਾਂਘਾ ਆਪਣੇ ਨਿਰਧਾਰਤ ਸਮੇਂ 'ਤੇ ਚਾਲੂ ਹੋ ਜਾਵੇ ਪਰ ਭਾਰਤ ਸਰਕਾਰ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਟਾਲ ਕੇ ਇਸ ਵਿਚ ਦੇਰੀ ਕਰ ਰਹੀ ਹੈ। ਬੀਤੀ 16 ਅਪ੍ਰੈਲ ਨੂੰ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਦੀ ਸਰਹੱਦ 'ਤੇ ਜ਼ੀਰੋ ਪੁਆਇੰਟ 'ਤੇ ਚਾਰ ਘੰਟੇ ਚੱਲੀ ਬੈਠਕ ਵਿਚ ਪੁਲ ਅਤੇ ਸੜਕਾਂ ਨੂੰ ਜੋੜਨ ਦੇ ਕੰਮ ਨੂੰ ਪੂਰਾ ਕਰਨ 'ਤੇ ਚਰਚਾ ਹੋਈ ਸੀ। ਇਸ ਬੈਠਕ ਤੋਂ ਬਾਅਦ ਫੈਸਲ ਨੇ ਕਿਹਾ ਸੀ ਕਿ ਲਾਂਘੇ ਲਈ ਪਾਕਿਸਤਾਨ ਵਿਚ ਕੰਮ ਪੂਰੀ ਸ਼ਿੱਦਤ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਨਿਰਧਾਰਤ ਸਮੇਂ ਸੀਮਾ ਵਿਚ ਪੂਰਾ ਕਰ ਲਿਆ ਜਾਵੇਗਾ। ਹੁਣ ਅਸੀਂ ਕੰਮ ਕਰਨ ਦੇ ਮਸੌਦੇ ਨਾਲ ਬੈਠਕ ਕਰਨਾ ਚਾਹ ਰਹੇ ਹਾਂ ਉਮੀਦ ਹੈ ਕਿ ਭਾਰਤ ਇਸ ਲਈ ਨਜ਼ਦੀਕ ਦੀ ਕੋਈ ਤਰੀਕ ਤੈਅ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਨਵੰਬਰ 2018 ਵਿਚ ਕਰਤਾਰਪੁਰ ਲਾਂਘਾ ਬਣਾਉਣ ਦਾ ਫੈਸਲਾ ਕੀਤਾ ਸੀ। ਇਸੇ ਮਗਰੋਂ ਦੋਵੇਂ ਪਾਸਿਆਂ ਵੱਲ ਕੰਮ ਚੱਲ ਰਿਹਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.