ਚੰਡੀਗੜ੍ਹ, 8 ਮਈ, (ਹ.ਬ.) : ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਸਵੇਰੇ ਪੰਜ ਵਜੇ ਚੰਡੀਗੜ੍ਹ ਦੇ ਸੈਕਟਰ 15 ਵਿਚਲੇ ਅਪਣੇ ਘਰ ਵਿਚ ਆਖਰੀ ਸਾਹ ਲਿਆ। ਉਹ ਅਪਣੇ ਪਿੱਛੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ।  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Îਇਤਿਹਾਸਕਾਰ ਡਾ. ਕਿਰਪਾਲ ਸਿੰਘ ਦੀ ਮੌਤ 'ਤੇ ਅਫ਼ਸੋਸ ਜਤਾਇਆ। ਡਾ. ਕਿਰਪਾਲ ਸਿੰਘ ਦਾ ਇਤਿਹਾਸਕਾਰੀ ਸਫਰ 1953 ਵਿਚ ਸ਼ੁਰੂ ਹੋਇਆ ਜਦੋਂ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਅਧਿਆਪਕ ਸਨ। ਉਹ ਦੱਸਦੇ ਹੁੰਦੇ ਸਨ ਕਿ ਇੱਕ ਦਿਨ ਭਾਈ ਵੀਰ ਸਿੰਘ ਨੇ ਉਨ੍ਹਾਂ ਅਪਣੇ ਕੋਲ ਬੁਲਾ ਕੇ ਕਿਹਾ ਕਿ ਜੋ ਕੁਝ ਦੇਸ਼ ਦੀ ਵੰਡ ਸਮੇਂ 1947 ਵਿਚ ਵਾਪਰਿਆ, ਅਜਿਹਾ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਾਪਰਿਆ। ਉਹ (ਭਾਈ ਵੀਰ ਸਿੰਘ) ਇਸ ਬਾਰੇ ਲਿਖਣਾ ਚਾਹੁੰਦੇ ਹਨ ਪਰ ਉਮਰ ਸਾਥ ਨਹੀਂ ਦੇ ਰਹੀ। ਇਸ ਲਈ ਇਹ ਕੰਮ ਉਸ (ਡਾ. ਕਿਰਪਾਲ ਸਿੰਘ) ਵਰਗੇ ਨੌਜਵਾਨ ਨੂੰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰੋ. ਕ੍ਰਿਪਾਲ ਸਿੰਘ ਦੇ ਇੱਕ ਸਹਾਇਕ ਨੇ ਸ਼ਰਨਾਰਥੀ ਕੈਂਪਾਂ ਵਿਚ ਜਾ ਕੇ ਪੀੜਤਾਂ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪ ਦਿੱਲੀ ਅਤੇ ਸ਼ਿਮਲਾ ਦੇ ਦਫ਼ਤਰਾਂ ਤੋਂ ਰਿਕਾਰਡ ਇਕੱਠਾ ਕਰਨ ਲੱਗ ਪਏ। ਇਹ ਸਿਲਸਿਲਾ ਦੋ ਸਾਲ ਤੱਕ ਚਲਦਾ ਰਿਹਾ। ਉਨ੍ਹਾਂ ਨੇ 'ਪੰਜਾਬ ਦੀ ਵੰਡ ਦੇ ਚੋਣਵੇਂ ਦਸਤਾਵੇਜ਼' ਨਾਂ ਦੀ ਪੁਸਤਕ ਵੀ ਲਿਖੀ।  ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਪ੍ਰੋਫੈਸਰ ਆਫ਼ ਸਿੱਖਇਜ਼ਮ' ਦੀ ਉਪਾਧੀ ਨਾਲ ਵੀ ਸਨਮਾਨਤ ਕੀਤਾ।  

ਹੋਰ ਖਬਰਾਂ »