ਵਾਸ਼ਿੰਗਟਨ, 10 ਮਈ, (ਹ.ਬ.) : ਅਮਰੀਕਾ ਨੇ ਉਤਰ ਕੋਰੀਆ ਦੇ ਇੱਕ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਅਮਰੀਕਾ ਨੇ ਦੋਸ਼ ਲਗਾਏ ਹਨ ਕਿ ਇਸ ਜਹਾਜ਼ ਨੇ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਅਮਰੀਕਾ ਦੇ ਨਿਆਇਕ ਵਿਭਾਗ ਦਾ ਕਹਿਣਾ ਹੈ ਕਿ ਇਸ ਜਹਾਜ਼ ਵਿਚ ਕੋਲਾ ਲਿਜਾਇਆ ਜਾ ਰਿਹਾ ਸੀ। ਉਤਰ ਕੋਰੀਆ ਕੋਲੇ ਦਾ ਵੱਡਾ ਨਿਰਯਾਤਕ ਹੈ। ਲੇਕਿਨ ਸੰਯੁਕਤ ਰਾਸ਼ਟਰ ਨੇ ਇਸ ਦੀ ਬਰਾਮਦ 'ਤੇ ਪਾਬੰਦੀ ਲਗਾਈ ਹੈ।  ਇਸੇ ਜਹਾਜ਼ ਨੂੰ ਸ਼ੁਰੂ ਵਿਚ ਅਪ੍ਰੈਲ 2018 ਵਿਚ ਇੰਡੋਨੇਸ਼ੀਆ ਵਿਚ ਜ਼ਬਤ ਕੀਤਾ ਗਿਆ ਸੀ। ਇਹ ਪਹਿਲਾ ਮੌਕਾ ਹੈ ਜਦ ਅਮਰੀਕਾ ਨੇ ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਵਿਚ ਉਤਰ ਕੋਰੀਆ ਦੇ ਕਿਸੇ ਜਹਾਜ਼ ਨੂੰ ਜ਼ਬਤ ਕੀਤਾ ਹੈ। ਇਸ ਕਦਮ ਨਾਲ ਦੋਵੇਂ ਦੇਸ਼ਾਂ ਦੇ ਵਿਚ ਰਿਸ਼ਤਿਆਂ ਵਿਚ ਹੋਰ ਜ਼ਿਆਦਾ ਤਣਾਅ ਵਧਣ ਦੀ ਸੰਭਾਵਨਾ ਹੈ।
ਇਸ ਸਾਲ ਫਰਵਰੀ ਵਿਚ ਅਮਰੀਕੀ ਰਾਸਟਰਪਤੀ ਟਰੰਪ ਅਤੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚ ਅਸਫ਼ਲ ਮੁਲਾਕਾਤ ਹੋਈ ਸੀ। ਅਮਰੀਕਾ, ਉਤਰ ਕੋਰੀਆ ਨੂੰ ਉਸ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਬੰਦ ਕਰਨ ਦੇ ਲਈ ਕਹਿ ਰਿਹਾ ਸੀ ਜਦ ਕਿ ਉਤਰ ਕੋਰੀਆ ਨੇ ਉਸ 'ਤੇ ਲੱਗੀ ਪਾਬੰਦੀਆਂ ਵਿਚ ਛੋਟ ਦੇਣ ਦੀ ਮੰਗ ਕੀਤੀ ਸੀ। 
ਇਸ ਵਿਚ ਬੀਤੇ ਪੰਜ ਦਿਨਾਂ ਦੇ ਅੰਦਰ ਉਤਰ ਕੋਰੀਆ ਨੇ ਦੋ ਵਾਰ ਮਿਜ਼ਾਈਲ ਪੀ੍ਰਖਣ ਕੀਤਾ ਹੈ। ਮੰਨਿਆ ਜਾ ਰਿਹਾ ਕਿ ਇਨ੍ਹਾਂ ਪ੍ਰੀਖਣਾਂ ਦੇ ਜ਼ਰੀਏ ਉਤਰ ਕੋਰੀਆ ਅਮਰੀਕਾ 'ਤੇ ਦਬਾਅ ਵਧਾਉਣਾ ਚਾਹੁੰਦਾ ਹੈ। 
ਉਤਰ ਕੋਰੀਆ ਵਿਚ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਸਟੀਫ਼ਨ ਬੀਗਨ  ਅਜੇ ਦੱਖਣ ਕੋਰੀਆ ਵਿਚ ਹਨ। ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਉਤਰ ਕੋਰੀਆ ਨੂੰ ਮੁੜ ਪਰਮਾਣੂ ਨਿਰਸਤਰੀਕਰਣ ਵੱਲ ਮੋੜਨ ਦੇ ਲਈ ਚਰਚਾ ਕਰਨਾ ਹੈ। ਉਤਰ ਕੋਰੀਆਈ ਜਹਾਜ਼ ਦ ਵਾਈਜ ਹੋਨੇਸਟ ਹੁਣ ਅਮਰੀਕਾ ਦੀ ਗ੍ਰਿਫਤ ਵਿਚ ਹੈ।  
ਅਮਰੀਕੀ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਉਤਰ ਕੋਰੀਆ ਦੀ ਯੋਜਨਾ ਦਾ ਪਤਾ ਲਗਾ ਲਿਆ ਹੈ ਕਿ ਉਤਰ ਕੋਰੀਆ ਭਾਰੀ ਮਾਤਰਾ ਵਿਚ ਕੋਲਾ ਵਿਦੇਸ਼ੀ ਖਰੀਦਦਾਰਾਂ ਤੱਕ ਪਹੁੰਚਾਉਂਦਾ ਹੈ। ਅਮਰੀਕਾ ਨੇ ਉਤਰ ਕੋਰੀਆ ਦੇ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰੀਖਣਾਂ ਦੇ ਚਲਦੇ ਉਸ 'ਤੇ ਕਈ ਤਰ੍ਹਾਂ ਦੀ ਕੌਮਾਂਤਰੀ ਪਾਬੰਦੀਆਂ ਲਗਾ ਰੱਖੀਆਂ ਹਨ।  

ਹੋਰ ਖਬਰਾਂ »

ਹਮਦਰਦ ਟੀ.ਵੀ.