ਚੇਨਈ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਇਹ ਕਹਿੰਦਿਆਂ ਚੋਣ ਮਾਹੌਲ ਵਿਚ ਨਵਾਂ ਵਿਵਾਦ ਛੇੜ ਦਿਤਾ ਕਿ ਆਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਹਿੰਦੂ ਸੀ, ਜਿਸ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ।  ਮਕਾਲ ਨਿਧੀ ਮਯਮ (ਐਮ.ਐਨ.ਐਮ.) ਨਾਂ ਦੀ ਸਿਆਸੀ ਪਾਰਟੀ ਦੀ ਨੀਂਹ ਰੱਖਣ ਵਾਲੇ ਕਮਲ ਹਾਸਨ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਂ ਇਹ ਗੱਲਾਂ ਇਸ ਕਰ ਕੇ ਨਹੀਂ ਕਰ ਰਿਹਾ ਕਿ ਇਥੇ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਸਦੀ ਹੈ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾਂ ਕਿ ਨਾਥੂ ਰਾਮ ਗੋਡਸੇ ਇਕ ਅਤਿਵਾਦੀ ਸੀ ਭਾਰਤ ਵਰਗੇ ਸਭਿਆਚਾਰਕ ਵੰਨ-ਸੁਵੰਨਤਾ ਵਾਲੇ ਮੁਲਕ ਵਿਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ।'' ਉਨ•ਾਂ ਅੱਗੇ ਕਿਹਾ ਕਿ ਚੰਗੀ ਸੋਚ ਵਾਲੇ ਭਾਰਤੀ ਹਮੇਸ਼ਾ ਬਰਾਬਰੀ ਅਤੇ ਧਰਮ ਨਿਰਪੱਖਤਾ ਵਿਚ ਭਰੋਸਾ ਰਖਦੇ ਹਨ ਅਤੇ ਸਾਡੇ ਮੁਲਕ ਦਾ ਝੰਡਾ ਵੀ ਤਿੰਨ ਵੱਖ-ਵੱਖ ਰੰਗਾਂ ਦੇ ਸੁਮੇਲ ਨਾਲ ਬਣਿਆ ਜੋ ਵੱਖ-ਵੱਖ ਧਰਮਾਂ ਦੀ ਇਕਜੁਟਤਾ ਦਾ ਸੂਚਕ ਹੈ। ਚੇਤੇ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਕਮਲ ਹਾਸਨ ਨੇ ਹਿੰਦੂ ਅਤਿਵਾਦ ਦਾ ਜ਼ਿਕਰ ਕੀਤਾ ਹੋਵੇ। ਨਵੰਬਰ 2017 ਵਿਚ ਇਕ ਵਿਵਾਦਤ ਟਿੱਪਣੀ ਕਾਰਨ ਕਮਲ ਹਾਸਨ ਨੂੰ ਬੀਜੇਪੀ ਅਤੇ ਹਿੰਦੂ ਜਥੇਬੰਦੀਆਂ ਦੇ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.