ਚੰਡੀਗੜ੍ਹ, 15 ਮਈ, (ਹ.ਬ.) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਵਿਚ ਸਿੱਖ ਸ਼ਰਧਾਲੂਆਂ ਅਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਪੰਜਾਬ ਸਿਵਲ ਸਕੱਤਰੇਤ ਸਥਿਤ ਵਿਭਿੰਨ ਸਰਕਾਰੀ ਵਿਭਾਗਾਂ ਵਿਚ ਸ਼੍ਰੋਅਦ ਪ੍ਰਧਾਨ ਤੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਸਬੰਧਤ ਦਸਤਾਵੇਜ਼ਾਂ ਦੀ ਭਾਲ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸੀਨੀਅਰ ਅਧਿਕਾਰੀਆਂ ਨੇ ਵਿੱਤ ਵਿਭਾਗ ਦੇ ਅਧੀਨ ਆਉਣ ਵਾਲੀ ਅਕਾਊਂਟ ਬਰਾਂਚ ਤੋਂ ਇਲਾਵਾ ਪਰਸੋਨਲ, ਟਰਾਂਸਪੋਰਟ ਵਿਭਾਗ ਵਿਚ ਅਕਤੂਬਰ 2015 ਦਾ ਰਿਕਾਰਡ ਖੰਗਾਲਿਆ। ਇਸ ਵਿਚ ਇਹ ਪਤਾ ਲਗਾਇਆ ਗਿਆ ਕਿ 14 ਅਕਤੂਬਰ, 2015 ਨੂੰ ਕੋਟਕਪੂਰਾ ਵਿਚ ਪੁਲਿਸ ਫਾਇਰਿੰਗ ਦੌਰਾਨ ਅਤੇ ਬਾਅਦ ਵਿਚ ਸੁਖਬੀਰ ਸਿੰਘ ਬਾਦਲ ਨਾਲ ਸਬੰਧਤ ਸਰਕਾਰੀ  ਗੱਡੀਆਂ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਗਈ। ਦਰਅਸਲ ਐਸਆਈਟੀ ਦੁਆਰਾ ਕੀਤੀ ਜਾ ਰਹੀ ਜਾਂਚ ਵਿਚ ਹਿੱਸਾ ਲੈਂਦੇ ਹੋਏ ਸੁਖਬੀਰ ਬਾਦਲ ਕਹਿ ਚੁੱਕੇ ਹਨ ਕਿ ਪੁਲਿਸ ਫਾਇਰਿੰਗ ਦੀ ਘਟਨਾ ਦੇ ਸਮੇਂ ਉਹ ਸੂਬੇ ਵਿਚ ਨਹੀਂ ਸੀ, ਇਸ ਲਈ ਉਨ੍ਹਾਂ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਸੂਤਰਾਂ ਮੁਤਾਬਕ ਦੋਵੇਂ ਅਧਿਕਾਰੀਆਂ ਨੂੰ ਸਬੰਧਤ ਵਿਭਾਗਾਂ ਵਲੋਂ ਕੋਈ ਦਸਤਾਵੇਜ਼ ਨਾਲ ਲੈ ਜਾਣ ਦੇ ਲਈ ਉਪਲਬਧ ਨਹੀਂ ਕਰਾਏ ਗਏ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦਿਨਾਂ ਸਾਰੇ ਵਿਭਾਗਾਂ ਤੋਂ ਇਲਾਵਾ ਅਧਿਕਾਰੀ ਚੋਣ ਡਿਊਟੀ 'ਤੇ ਤੈਨਾਤ ਹਨ ਅਤੇ ਉਨ੍ਹਾਂ ਦੇ ਜੂਨੀਅਰ ਅਧਿਕਾਰੀ ਹੀ ਵਿਭਾਗਾਂ ਦਾ ਕਾਰਜ ਸੰਭਾਲ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.