ਚੰਡੀਗੜ੍ਹ, 15 ਮਈ, (ਹ.ਬ.) : ਫਿਰੋਜ਼ਪੁਰ ਇਸ ਵਾਰ ਪੰਜਾਬ ਦੀ ਸਭ ਤੋਂ ਹੌਟ ਸੀਟ ਹੈ। ਸ਼੍ਰੋਅਦ ਸੁਪ੍ਰੀਮੋ ਸੁਖਬੀਰ ਬਾਦਲ ਖੁਦ ਮੈਦਾਨ ਵਿਚ ਹਨ। ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਬੈਠੇ ਪਰਵਾਸੀ ਪੰਜਾਬੀਆਂ ਦੀ ਇਸ ਸੀਟ 'ਤੇ ਤਿੱਖੀ ਨਜ਼ਰ ਹੈ।  ਮੁਕਾਬਲੇ ਵਿਚ ਕਾਂਗਰਸ ਤੋਂ ਸ਼ੇਰ ਸਿੰਘ ਘੁਬਾਇਆ ਇਸ ਸੀਟ ਤੋਂ ਪਹਿਲਾਂ ਦੋ ਵਾਰ ਅਕਾਲੀ ਦਲ ਦੀ ਟਿਕਟ 'ਤੇ ਸਾਂਸਦ ਬਣ ਚੁੱਕੇ ਹਨ। ਇਸ ਵਾਰ ਘੁਬਾਇਆ ਸ਼੍ਰੋਅਦ ਨੂੰ ਛੱਡ ਕੇ ਕਾਂਗਰਸ ਵਿਚ ਆ ਚੁੱਕੇ ਹਨ, ਅਜਿਹੀ ਸਥਿਤੀ ਵਿਚ ਮੁੱਦਿਆਂ ਤੋਂ ਜ਼ਿਆਦਾ ਸਭ ਦੀ ਨਜ਼ਰ ਸੁਖਬੀਰ ਬਾਦਲ ਅਤੇ ਘੁਬਾਇਆ ਵਿਚ ਮੁਕਾਬਲੇ 'ਤੇ ਹੈ। ਕਾਂਗਰਸ ਅਤੇ ਅਕਾਲੀ ਦਲ ਤੋਂ ਇਲਾਵਾ ਆਪ ਦਾ ਵੋਟ ਵੀ ਫ਼ੈਸਲਾਕੁਨ ਹੈ। ਇਸ ਹਲਕੇ ਵਿਚ 2014 ਦੀ ਲੋਕ ਸਭਾ ਅਤੇ 2017 ਦੀ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਤੀਜੇ ਗੁੱਟ ਆਪ ਉਮੀਦਵਾਰਾਂ ਦੇ ਵਿਚ ਹੋਏ ਮੁਕਾਬਲੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਲੋਕ ਸਭਾ ਖੇਤਰ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਆਪ ਕਿਸੇ ਵੀ ਸੀਟ ਤੋਂ ਜਿੱਤ ਤਾਂ ਪ੍ਰਾਪਤ ਨਹੀਂ ਕਰ ਸਕੀ, ਲਕੇਨ  ਜਿੱਤ ਹਾਰ ਦੇ ਲਈ ਫ਼ੈਸਲਾਕੁਨ ਵੋਟ ਇਸ ਪਾਰਟੀ ਦੇ ਕੋਲ ਮੌਜੂਦ ਹਨ। 2014 ਦੀ ਆਮ ਚੋਣ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚ ਸੀ। ਸ਼ੇਰ ਸਿੰਘ ਘੁਬਾਇਆ ਨੂੰ 4,87,932 ਵੋਟਾਂ ਮਿਲੀਆਂ ਸਨ, ਜਦ ਕਿ ਸੁਨੀਲ ਨੂੰ ਕੁੱਲ 4,56,512 ਵੋਟਾਂ ਮਿਲੀਆਂ ਸਨ ਅਤੇ ਆਪ ਦੇ ਸਤਨਾਮ ਰਾਏ ਕੰਬੋਜ ਨੂੰ 1,13,417 ਵੋਟ ਪਈਆਂ ਸਨ। ਜਾਖੜ 31,420 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ। 2017 ਦੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫਾਜ਼ਿਲਕਾ, ਬੱਲੂਆਣਾ ਤੇ ਮਲੋਟ 6 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ।

ਹੋਰ ਖਬਰਾਂ »