ਸਿੰਗਾਪੁਰ, 14 ਮਈ, (ਹ.ਬ.) : ਸਿੰਗਾਪੁਰ ਵਿਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਦੋ ਲੋਕਾਂ 'ਤੇ ਦੇਹ ਵਪਾਰ ਵਿਚ ਧੱਕਣ ਦੀ ਝੂਠੀ ਸ਼ਿਕਾਇਤ ਪੁਲਿਸ ਵਿਚ ਦੇਣ ਦੇ ਦੋਸ਼ ਵਿਚ ਦੋ ਹਫ਼ਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਖ਼ਬਰ ਦਿੱਤੀ ਕਿ 24 ਸਾਲਾ ਕਲਾਈਸੇਲਵੀ ਮੁਰੂਗਿਅਨ ਨੇ ਪਿਛਲੇ ਸਾਲ ਅਪਣੀ ਸ਼ਿਕਾਇਤ ਦਰਜ ਕਰਾਈ ਸੀ। 
ਮੁਰੂਗਿਆਨ ਨੇ ਪਿਛਲੇ ਸਾਲ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਵਿਅਕਤੀ ਅਤੇ ਇੱਕ ਮਹਿਲਾ ਨੇ ਉਸ ਨੂੰ ਦੇਹ ਵਪਾਰ ਵਿਚ ਧੱਕਿਆ ਸੀ। ਦਰਅਸਲ, ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਪਤੀ ਨੂੰ ਪਤਾ ਚਲੇ ਕਿ ਉਹ ਸਿੰਗਾਪੁਰ ਵਿਚ ਕੀ ਕੰਮ ਕਰਦੀ ਹੈ। ਉਸ ਨੇ ਪੁਲਿਸ ਅਧਿਕਾਰੀ ਮੁਹੰਮਦ ਰਫੀਕ ਨੂੰ ਗਲਤ ਜਾਣਕਾਰੀ ਦਿੰਦੇ ਹੋਏ ਬਿਆਨ ਦਰਜ ਕਰਵਾਇਆ ਸੀ।
ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਮੁਰੂਗਿਅਨ ਨੇ ਪੁਲਿਸ ਛਾਉਣੀ ਵਿਚ 1 ਨਵੰਬਰ ਨੂੰ ਬਿਆਨ ਦਰਜ ਕਰਾਉਣ ਦੌਰਾਨ ਪੁਲਿਸ ਅਧਿਕਾਰੀ ਨੂੰ ਝੂਠ ਕਿਹਾ। ਇਸ ਆਧਾਰ 'ਤੇ ਮੁਲਜਮ ਵਿਅਕਤੀ ਅਤੇ ਮਹਿਲਾ ਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਦੋਸ਼ ਲਾਉਣ ਵਾਲੀ ਔਰਤ ਨੇ ਜ਼ਿਲ੍ਹਾ ਅਦਾਲਤ ਦੇ ਜਸਟਿਸ ਕ੍ਰਿਸਟੋਫਰ ਟੈਨ ਕੋਲੋਂ ਮੁਆਫ਼ੀ ਦੀ ਮੰਗ ਕੀਤੀ ਕਿਉਂਕਿ ਉਸ ਨੂੰ ਭਾਰਤ ਵਿਚ ਅਪਣੇ ਪਰਿਵਾਰ ਨੂੰ ਧਿਆਨ ਵਿਚ ਰੱਖਣਾ ਹੁੰਦਾ ਹੈ।  ਇਸ 'ਤੇ ਜਸਟਿਸ ਨੇ ਕਿਹਾ ਕਿ ਮਹਿਲਾ ਦੇ ਝੂਠ ਦੇ ਕਾਰਨ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਨੇ ਮੁਰੂਗਿਅਨ ਨੂੰ ਦੋ ਹਫ਼ਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ। ਦੱਸ ਦੇਈਏ ਅਦਾਲਤੀ ਦਸਤਾਵੇਜ਼ਾਂ ਵਿਚ ਇਹ ਜਾਣਕਾਰੀ ਨਹੀਂ ਕਿ ਉਹ ਸਿੰਗਾਪੁਰ ਵਿਚ ਕੀ ਕਰਦੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.