ਨਵੀਂ ਦਿੱਲੀ, 16 ਮਈ, (ਹ.ਬ.) : ਨੌਕਰੀ ਦਾ ਝਾਂਸਾ ਦੇ ਕੇ ਹੈਦਰਾਬਾਦ ਦੀ ਰਹਿਣ ਵਾਲੀ ਇੱਕ ਔਰਤ ਦੀ ਓਮਾਨ ਵਿਚ ਤਸਕਰੀ ਕੀਤੀ ਗਈ ਸੀ। ਹੁਣ ਮਹਿਲਾ ਨੂੰ ਪੰਜ ਮਹੀਨੇ ਬਾਅਦ ਉਥੋਂ ਬਚਾ ਲਿਆ ਗਿਆ ਹੈ। ਕੁਲਸੁਮ ਬਾਨੋ ਨੇ ਮਦਦ ਦੇ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਹੈ। ਕੁਲਸੁਮ ਦਾ ਕਹਿਣਾ ਹੈ ਕਿ ਅਬਰਾਰ ਨਾਂ ਦੇ ਇੱਕ ਏਜੰਟ ਨੇ ਉਨ੍ਹਾਂ ਮਸਕਟ ਵਿਚ ਬਿਊਟੀ ਪਾਰਲਰ ਵਿਚ ਨੌਕਰੀ ਦਿਵਾਉਣ ਦਾ ਆਫਰ ਦਿੱਤਾ ਸੀ। ਏਜੰਟ ਨੇ ਕਿਹਾ ਸੀ ਕਿ ਹਰ ਮਹੀਨੇ ਤੀਹ ਹਜ਼ਾਰ ਰੁਪਏ ਤਨਖਾਹ ਮਿਲੇਗੀ। ਲੇਕਿਨ ਉਥੇ ਪੁੱਜਣ ਤੋਂ ਬਾਅਦ ਕੁਲਸੁਮ ਕੋਲੋਂ ਲੋਕਾਂ ਦੇ ਘਰਾਂ ਦਾ ਕੰਮ ਕਰਵਾਇਆ ਜਾਣ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਉਥੇ ਇੱਕ ਮਹੀਨੇ ਤੱਕ ਕੰਮ ਕੀਤਾ,ਫੇਰ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਏਜੰਸੀ 'ਤੇ ਦੋਸ਼ ਲਗਾਇਆ ਕਿ ਦਸ ਦਿਨਾਂ ਤੱਕ ਕਮਰੇ ਵਿਚ ਬੰਦ ਕਰਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਤੇ ਖਾਣ ਲਈ ਕੁਝ ਵੀ ਨਹੀਂ ਦਿੱਤਾ ਗਿਆ।
ਉਹ ਕਹਿੰਦੀ ਹੈ, ਇਸ ਤੋਂ ਬਾਅਦ ਮੈਂ ਉਥੇ ਸਥਿਤ ਭਾਰਤੀ ਦੂਤਘਰ ਤੋਂ ਸਹਾਇਤਾ ਮੰਗੀ। ਅਧਿਕਾਰੀਆਂ ਨੇ ਮੈਨੂੰ ਚਾਰ ਮਹੀਨੇ ਤੱਕ ਦੂਤਘਰ ਵਿਚ ਰਹਿਣ ਦਿੱਤਾ। ਇਸ ਤੋਂ ਬਾਅਦ ਮੈਂ ਅਪਣੀ ਧੀ ਨਾਲ ਸੰਪਰਕ ਕੀਤਾ ਅਤੇ ਅਪਣੀ ਸਾਰੀ ਪ੍ਰੇਸ਼ਾਨੀ ਦੱਸੀ।
ਕੁਲਸੁਮ ਦੱਸਦੀ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਭਾਰਤੀ ਦੂਤਘਰ ਨੇ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਪੰਜ ਹਜ਼ਾਰ ਰਿਆਲ ਦਾ ਜੁਰਮਾਨਾ ਅਦਾ ਕੀਤਾ ਅਤੇ ਉਨ੍ਹਾਂ ਵਾਪਸ ਭਾਰਤ ਭੇਜ ਦਿੱਤਾ। ਸੁਸ਼ਮਾ ਸਵਰਾਜ ਅਤੇ ਭਾਰਤੀ ਦੂਤਘਰ ਦੀ ਸਹਾਇਤਾ ਨਾਲ ਕੁਲਸੁਮ ਅੱਠ ਮਈ ਨੂੰ ਭਾਰਤ ਆਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸੁਸ਼ਮਾ ਸਵਰਾਜ ਅਤੇ ਭਾਰਤੀ ਦੂਤਘਰ ਨੂੰ ਸ਼ੁਕਰੀਆ ਕਿਹਾ। 

ਹੋਰ ਖਬਰਾਂ »