ਐਨਆਰਆਈ ਬ੍ਰਦਰਜ਼ ਦੇ ਨਾਂ ਤੋਂ ਚਲਾ ਰਹੇ ਸੀ ਟਰੈਵਲ ਏਜੰਸੀ
ਮੋਗਾ, 17 ਮਈ, (ਹ.ਬ.) : ਮੋਗਾ ਪੁਲਿਸ ਨੇ ਇੱਕ ਨੌਜਵਾਨ ਅਤੇ ਉਸ ਦੀ ਪਤਨੀ ਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਦੋਵਾਂ ਨੇ ਬੀਤੇ ਕਰੀਬ 5 ਸਾਲ ਵਿਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 68 ਲੱਖ 40 ਹਜ਼ਾਰ ਰੁਪਏ ਠੱਗੇ ਹਨ। ਠੱਗੀ ਮਾਰਨ ਵਾਲਾ ਇਹ ਜੋੜਾ ਦੁਬਈ ਫਰਾਰ ਹੋ ਚੁੱਕਾ ਹੁੰਦਾ, ਜੇਕਰ ਥੋੜ੍ਹੀ ਦੇਰ ਹੋ ਜਾਂਦੀ। ਫਿਲਹਾਲ ਪੁਲਿਸ ਨੇ ਇਨ੍ਹਾਂ ਕੋਰਟ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ।
ਜਲਾਲਾਬਾਦ ਪੂਰਵੀ ਨਿਵਾਸੀ ਜਗਵਿੰਦਰ ਸਿੰਘ ਨੇ ਆਈਜੀ ਬਠਿੰਡਾ ਜ਼ੋਨ ਨੂੰ 24 ਜਨਵਰੀ 2018 ਨੂੰ ਲਿਖਤੀ ਸ਼ਿਕਾਇਤ  ਦਿੱਤੀ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਦੇ ਲਈ ਮੋਗਾ ਦੇ ਗੁਲਾਬੀ ਬਾਗ ਵਿਚ ਐਨਆਰਆਈ ਸਿੰਘ ਬ੍ਰਦਰਜ਼ ਟਰੈਵਲ ਏਜੰਟ ਦਾ ਕੰਮ ਕਰਨ ਵਾਲੇ ਜੋੜੇ ਗੁਰਧੀਰ ਸਿੰਘ ਅਤੇ ਅਵਨੀਤ ਕੌਰ ਨੂੰ 2017 ਵਿਚ ਮਿਲੇ। ਉਨ੍ਹਾਂ ਲੋਕਾਂ ਨੇ ਉਸ ਕੋਲੋਂ 3 ਲੱਖ 60 ਹਜ਼ਾਰ ਰੁਪਏ ਮੰਗੇ ਅਤੇ ਜਦ ਉਸ ਨੇ ਪੈਸੇ ਅਤੇ ਦਸਤਾਵੇਜ਼ ਦੇ ਦਿੱਤਾ ਤਾਂ ਦੋ ਮਹੀਨੇ ਬਾਅਦ ਇਸ ਜੋੜੇ ਨੇ ਫਰਜ਼ੀ ਟਿਕਟ, ਵੀਜ਼ਾ, ਹੋਟਲ ਬੁਕਿੰਗ ਨੈਟ 'ਤੇ ਪਾ ਦਿੱਤੀ। ਪਤਾ ਚਲਣ 'ਤੇ ਇਨ੍ਹਾਂ ਕੋਲੋਂ ਪੈਸੇ ਅਤੇ ਦਸਤਾਵੇਜ਼ ਵਾਪਸ ਮੰਗੇ ਤਾਂ ਇਨਕਾਰ ਕਰ ਦਿੱਤਾ। ਆਈਜੀ ਨੇ ਇਸ ਦੀ ਜਾਂਚ ਐਸਐਸਪੀ ਨੂੰ ਸੌਂਪ ਦਿੱਤੀ। ਰਿਪੋਰਟ ਮਿਲਣ ਤੋਂ ਬਾਅਦ ਆਈਜੀ ਨੇ ਮੋਗਾ ਪੁਲਿਸ ਨੂੰ ਇਸ ਏਜੰਟ ਜੋੜੇ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਤਾਂ 11 ਅਪ੍ਰੈਲ 2018 ਨੂੰ ਮੋਗਾ ਦੇ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਨੇ 14 ਮਹੀਨੇ ਤੋਂ ਫਰਾਰ ਚਲ ਰਹੇ ਜੋੜੇ ਦੇ ਖ਼ਿਲਾਫ਼ ਲੁਕ ਆਊਟ ਨੋਟਿਸ ਜਾਰੀ ਕਰਵਾ ਕੇ ਦੇਸ਼ ਦੇ ਸਾਰੇ ਏਅਰਪੋਰਟ ਅਥਾਰਿਟੀ ਨੂੰ ਉਨ੍ਹਾਂ ਦੀ ਫ਼ੋਟੋ ਦੇ ਨਾਲ ਨਾਲ ਸਬੰਧਤ ਦਸਤਾਵੇਜ਼ ਭੇਜ ਦਿੱਤੇ। ਇਸ ਦੇ ਚਲਦਿਆਂ ਬੁਧਵਾਰ ਨੂੰ ਇਹ ਜੋੜਾ ਮੋਹਾਲੀ ਏਅਰਪੋਰਟ ਤੋਂ ਉਸ ਸਮੇਂ ਫÎਿੜਆ ਗਿਆ ਜਦ ਫਲਾਈਟ ਲੈ ਕੇ ਦੁਬਈ ਚਲੇ ਜਾਣ ਦੇ ਲਈ ਤਿਆਰ ਸੀ। ਏਅਰਪੋਰਟ ਤੋਂ ਸੂਚਨਾ ਤੋਂ ਬਾਅਦ ਮੋਗਾ ਦੀ ਪੁਲਿਸ ਟੀਮ ਮੋਹਾਲੀ ਗਈ ਅਤੇ ਉਥੋਂ ਮੁਲਜ਼ਮਾਂ ਨੂੰ ਮੋਗਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਲਿਆ ਕੇ ਪੇਸ਼  ਕੀਤਾ। ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਪੁਲਿਸ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਕੁਲ ਸੱਤ ਕੇਸ ਦਰਜ ਹਨ ਜਿਨ੍ਹਾਂ ਵਿਚ ਪਿਛਲੇ ਕਰੀਬ 5 ਸਾਲ ਵਿਚ ਇਨ੍ਹਾਂ 'ਤੇ 88 ਲੱਖ, 40 ਹਜ਼ਾਰ ਰੁਪਏ ਦੀ ਠੱਗੀ ਦਾ ਦੋਸ਼ ਹੈ।

ਹੋਰ ਖਬਰਾਂ »