ਸੁਮਿਤ ਦਾਰਜੀ ਨੂੰ ਹੋਈ ਤਿੰਨ ਸਾਲ ਦੀ ਕੈਦ

ਔਟਵਾ, 18 ਮਈ (ਹਮਦਰਦ ਸਮਾਚਾਰ ਸੇਵਾ): ਔਟਵਾ 'ਚ ਵਾਪਰੇ ਸੜਕ ਹਾਦਸੇ ਵਿੱਚ ਮਾਂ ਅਤੇ ਧੀ ਦੀ ਮੌਤ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਅਕਤੀ ਦੀ ਪਛਾਣ ਸੁਮਿਤ ਦਾਰਜੀ ਵਜੋਂ ਕੀਤੀ ਗਈ ਹੈ। ਜਿਸ ਨੂੰ ਲਾਪਰਵਾਈ ਨਾਲ ਕਾਰ ਚਲਾਉਣ ਅਤੇ ਦੋ ਜਣਿਆਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਅਦਾਲਤ ਵਲੋਂ ਉਸ ਨੂੰ 3 ਸਾਲ ਲਈ ਕੈਦ ਸੁਣਾਈ ਗਈ ਹੈ ਅਤੇ ਨਾਲ ਹੀ ਸੱਤ ਸਾਲ ਤੱਕ ਡਰਾਈਵਿੰਗ ਨਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤੀ ਦਸਤਾਵੇਜਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਾਰਜੀ 2012 ਵਿੱਚ ਕੈਨੇਡਾ ਆਉਣ ਤੋਂ ਪਹਿਲਾਂ ਨੇਪਾਲ ਦੇ ਰਿਫ਼ੂਜ਼ੀ ਕੈਂਪ 'ਚ 22 ਸਾਲ ਰਹਿ ਚੁੱਕਾ ਹੈ ਅਤੇ ਪਹਿਲਾਂ ਵੀ ਉਸ 'ਤੇ ਤੇਜ਼ ਰਫਤਾਰ ਅਤੇ ਲਾਪਰਵਾਈ ਨਾਲ ਗੱਡੀ ਚਲਾਉਣ ਦੇ ਦੋ ਕੇਸ ਦਰਜ ਕੀਤੇ ਗਏ ਸਨ ਅਤੇ ਇਨ•ਾਂ ਕੇਸਾਂ ਵਿੱਚ ਉਸ ਨੂੰ ਜੁਰਮਾਨਾ ਲਾਉਣ ਦੇ ਨਾਲ-ਨਾਲ ਡਰਾਈਵਿੰਗ ਦੀ ਟਰੇਨਿੰਗ ਲੈਣ ਦਾ ਹੁਕਮ ਵੀ ਸੁਣਾਇਆ ਸੀ। ਜਾਣਕਾਰੀ ਮੁਤਾਬਕ ਸਤੰਬਰ 2017 ਵਿੱਚ ਸਾਊਥ ਔਟਵਾ ਦੇ ਡੈਲਮੇਨੀ ਰੋਡ 'ਤੇ ਇਹ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਮੁਲਜ਼ਮ ਸੁਮਿਤ ਦਾਰਜੀ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦਿਆਂ ਦੂਜੀ ਕਾਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਚਾਲਕ ਆਪਣਾ ਕੰਟਰੋਲ ਖੋਅ ਬੈਠਾ ਅਤੇ ਅੱਗੇ ਜਾ ਰਹੀ ਕਾਰ 'ਚ ਵੱਜਿਆ। ਦੋਨੋਂ ਕਾਰਾਂ ਹਾਦਸਾਗ੍ਰਸਤ ਹੋ ਗਈਆਂ ਅਤੇ ਦੂਜੀ ਕਾਰ 'ਚ ਸਵਾਰ ਮਾਂ ਅਤੇ ਧੀ ਦੀ ਮੌਤ ਹੋ ਗਈ। ਦੋਨਾਂ ਦੀ ਪਛਾਣ ਮਾਰਗਰੇਟ ਮਿਤਚੈੱਲ(67) ਅਤੇ ਹਾਲੀ ਬੂਥ (40) ਵਜੋਂ ਕੀਤੀ ਗਈ ਹੈ। ਉੱਚ ਅਦਾਲਤ ਦੇ ਜਸਟਿਸ ਰੋਨਾਲਡ ਲਾਲੀਬਰਟੇ ਨੇ ਦੱਸਿਆ ਕਿ ਦਾਰਜੀ ਲਾਪਰਵਾਈ ਨਾਲ ਕਾਰ ਚਲਾ ਰਿਹਾ ਸੀ ਅਤੇ ਨਿਸਚਿਤ ਕੀਤੀ ਰਫ਼ਤਾਰ ਨਾਲੋਂ ਤੇਜ਼ ਰਫ਼ਤਾਰ 'ਤੇ ਜਾ ਰਿਹਾ ਸੀ। ਉਨ•ਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ ਸਥਾਨ 'ਤੇ ਹੀ ਦੋਨਾਂ ਦੀ ਮੌਤ ਹੋ ਗਈ। ਇਸ ਅਦਾਲਤੀ ਫ਼ੈਸਲੇ 'ਚ ਮ੍ਰਿਤਕਾਂ ਅਤੇ ਦਾਰਜੀ ਦਾ ਪੂਰਾ ਪਰਿਵਾਰ ਅਤੇ ਸਮੱਰਥਕ ਮੌਜੂਦ ਸਨ।  ਦਾਰਜੀ ਨੂੰ ਨੇਪਾਲੀ ਟਰਾਂਸਲੇਟਰ ਦੇ ਜ਼ਰੀਏ ਸਜ਼ਾ ਸੁਣਾਈ ਗਈ।

ਹੋਰ ਖਬਰਾਂ »