ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕਲੀਨ ਚਿਟ ਦਿਤੇ ਜਾਣ ਤੋਂ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਬੇਹੱਦ ਗੁੱਸੇ ਵਿਚ ਹਨ। ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਪੱਤਰ ਵਿਚ ਦੋਸ਼ ਲਾਇਆ ਕਿ ਉਨ•ਾਂ ਨੂੰ ਚੋਣ ਕਮਿਸ਼ਨ ਦੀਆਂ ਮੀਟਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਇਹ ਘਟਨਾਕ੍ਰਮ ਅਹਿਜੇ ਸਮੇਂ ਸਾਹਮਣੇ ਆਇਆ ਹੈ ਜਦੋਂ ਐਤਵਾਰ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਤਹਿਤ ਵੋਟਾਂ ਪੈਣ ਵਾਲੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਮੁੱਦੇ 'ਤੇ ਹੋਣ ਵਾਲੀ ਮੀਟਿੰਗ ਤੋਂ ਖ਼ੁਦ ਨੂੰ ਦੂਰ ਰੱਖਣ ਦਾ ਫ਼ੈਸਲਾ ਵੀ ਲਿਆ। ਲਵਾਸਾ ਨੇ ਦੱਸਿਆ ਕਿ ਮੋਦੀ ਅਤੇ ਸ਼ਾਹ ਨੂੰ ਕਲੀਨ ਚਿਟ ਦਿਤੇ ਜਾਣ ਦੇ ਫ਼ੈਸਲੇ ਨਾਲ ਸਹਿਮਤੀ ਨਾ ਪ੍ਰਗਟਾਉਣ 'ਤੇ ਉਨ•ਾਂ ਨੂੰ ਮੀਟਿੰਗ ਤੋਂ ਦੂਰ ਰੱਖਣ ਲਈ ਦਬਾਅ ਪਾਇਆ ਗਿਆ ਅਤੇ ਉਸ ਮੀਟਿੰਗ ਦੀ ਰਿਕਾਰਡਿੰਗ ਵੀ ਨਹੀਂ ਕੀਤੀ ਗਈ। ਮਈ ਦੇ ਸ਼ੁਰੂ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਤੋਂ ਕਮਿਸ਼ਨਰ ਲਵਾਸਾ ਪੂਰੀ ਤਰ•ਾਂ ਦੂਰ ਰਹੇ। ਉਧਰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਲਵਾਸਾ ਦੇ ਚਿੱਠੀ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੇ ਤਿੰਨ ਮੈਂਬਰ ਇਕ-ਦੂਜੇ ਨਾਲ ਸਹਿਮਤ ਨਹੀਂ ਹੋ ਸਕਦੇ। ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਵਿਚਾਰਾਂ ਵਿਚ ਮਤਭੇਦ ਵੇਖਣ ਨੂੰ ਮਿਲੇ ਹਨ। ਅਜਿਹਾ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਸੁਨੀਲ ਅਰੋੜਾ ਨੇ ਇਥੋਂ ਤੱਕ ਕਿਹਾ ਕਿ ਮੀਡੀਆ ਦੁਆਰਾ ਚੋਣ ਕਮਿਸ਼ਨ ਦੀ ਅੰਦਰੂਨੀ ਕਾਰਜਪ੍ਰਣਾਲੀ ਬਾਰੇ ਰਿਪੋਰਟਿੰਗ ਕੀਤੀ ਗਈ ਪਰ ਇਸ ਵਿਵਾਦ ਨੂੰ ਟਾਲਿਆ ਵੀ ਜਾ ਸਕਦਾ ਸੀ। ਸੂਤਰਾਂ ਮੁਤਾਬਕ ਲਵਾਸਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਚਾਰ ਭਾਸ਼ਣਾਂ 'ਤੇ ਉਨ•ਾਂ ਨੂੰ ਕਲੀਨ ਚਿਟ ਦਿਤੇ ਜਾਣ 'ਤੇ ਨਾਖੁਸ਼ੀ ਜ਼ਾਹਰ ਕੀਤੀ ਸੀ। ਤਿੰਨ ਮੈਂਬਰੀ ਚੋਣ ਕਮਿਸ਼ਨ ਨੇ 2-1 ਦੇ ਫ਼ੈਸਲੇ ਨਾਲ ਕਲੀਨ ਚਿਟ ਦਿਤੀ ਅਤੇ ਹੋਰਨਾਂ ਕਮਿਸ਼ਨਰਾਂ ਨੂੰ ਮੋਦੀ ਦੇ ਭਾਸ਼ਣਾਂ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆਈ।

ਹੋਰ ਖਬਰਾਂ »