ਟੋਰਾਂਟੋ, 20 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਸਿਟੀਜ਼ਨਸ਼ਿਪ ਗਾਈਡ ਨੂੰ ਨਵਾਂ ਰੂਪ ਦੇਣ ਬਾਰੇ ਟਰੂਡੋ ਸਰਕਾਰ ਵੱਲੋਂ ਕੀਤਾ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਚੋਣਾਂ ਸਿਰ 'ਤੇ ਆ ਰਹੀਆਂ ਹਨ ਅਤੇ ਹਾਲੇ ਤੱਕ ਨਵੀਂ ਗਾਈਡ ਜਾਰੀ ਕਰਨ ਦੀ ਤਰੀਕ ਤੈਅ ਨਹੀਂ ਕੀਤੀ ਜਾ ਸਕੀ। 'ਸੀ.ਬੀ.ਸੀ.' ਦੀ ਰਿਪੋਰਟ ਮੁਤਾਬਕ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਲਈ ਹੋਣ ਵਾਲੀ ਪ੍ਰੀਖਿਆ ਵਿਚ ਮਦਦ ਕਰਨ ਵਾਲੀ ਕਿਤਾਬ 'ਚ ਵੇਲਾ ਵਿਹਾਅ ਚੁੱਕੀ ਜਾਣਕਾਰੀ ਦਰਜ ਹੈ ਜਿਸ ਵਿਚ ਆਖਰੀ ਵਾਰ 2012 ਵਿਚ ਅਪਡੇਟ ਕੀਤੀ ਗਈ ਸੀ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਸੀ ਕਿ 68 ਸਫ਼ਿਆਂ ਦੀ 'ਡਿਸਕਵਰ ਕੈਨੇਡਾ' ਸਿਰਲੇਖ ਵਾਲੀ ਗਾਈਡ ਵਿਚ ਇਤਿਹਾਸਕ ਤੌਰ 'ਤੇ ਪ੍ਰਮਾਣਤ ਤੱਥ ਸ਼ਾਮਲ ਕੀਤੇ ਜਾਣਗੇ ਅਤੇ ਗ਼ੈਰਜ਼ਰੂਰੀ ਚੀਜ਼ਾਂ ਨੂੰ ਹਟਾ ਦਿਤਾ ਜਾਵੇਗਾ। ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਇਕ ਬੁਲਾਰੇ ਨੇ ਕਿਹਾ ਕਿ ਫਿਲਹਾਲ ਨਵੀਂ ਗਾਈਡ ਰਿਲੀਜ਼ ਕਰਨ ਵਾਸਤੇ ਕੋਈ ਦਿਨ ਤੈਅ ਨਹੀਂ ਕੀਤਾ ਗਿਆ। ਪਰ ਬੁਲਾਰੇ ਨੇ ਇਸ ਦੇਰੀ ਲਈ ਕੋਈ ਕਾਰਨ ਨਹੀਂ ਗਿਣਾਇਆ।

ਹੋਰ ਖਬਰਾਂ »