ਹਾਈਵੇਅ ਹੋਇਆ ਪ੍ਰਭਾਵਿਤ, ਆਵਾਜਾਈ ਠੱਪ

ਅਲਬਰਟਾ, 20 ਮਈ (ਹਮਦਰਦ ਸਮਾਚਾਰ ਸੇਵਾ): ਅਲਬਰਟਾ ਵਿਖੇ ਸਥਿਤ ਮਾਰਲਬੋਰੋ ਦੇ ਨਜ਼ਦੀਕੀ ਜੰਗਲਾਂ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ 87 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਘਟਨਾ ਅਲਬਰਟਾ ਤੋਂ 15 ਕਿਲੋਮੀਟਰ ਦੂਰ ਪੱਛਮੀ ਐਡਸਨ 'ਚ ਵਾਪਰੀ। ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੰਗਲ ਨੂੰ ਲੱਗੀ ਇਹ ਭਿਆਨਕ ਅੱਗ ਹਾਈਵੇਅ 16 ਤੱਕ ਪਹੁੰਚ ਗਈ ਅਤੇ ਸੜਕ ਦੇ ਦੋਨੋਂ ਪਾਸੇ ਅੱਗ ਤੇਜ਼ੀ ਨਾਲ ਫ਼ੈਲ ਗਈ। ਅੱਗ ਲੱਗਣ ਕਾਰਨ ਕਈ ਘਰਾਂ ਦੇ ਨੁਕਸਾਨ ਦਾ ਖ਼ਤਰਾ ਵੱਧਣ ਕਾਰਨ ਲੋਕਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ਨਾਲ ਚਾਰੇ ਪਾਸੇ ਧੂੰਆ ਫ਼ੈਲ ਗਿਆ ਅਤੇ ਦਿਖਣਾ ਬਿਲਕੁੱਲ ਬੰਦ ਹੋ ਗਿਆ। ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਓਬੇਡ ਅਤੇ ਹਾਈਵੇਅ 16 ਦੀ ਆਵਾਜਾਈ ਨੂੰ ਰਾਤ ਭਰ ਲਈ ਬੰਦ ਰੱਖਿਆ। ਯੈਲੋਹੈੱਡ ਕਾਊਂਟੀ ਅਫ਼ਸਰਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ 'ਚ ਆਉਣ 'ਤੇ ਹਾਈਵੇਅ ਦੀ ਆਵਾਜਾਈ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਅੱਗ ਨਾਲ ਆਸ ਪਾਸ ਦੇ ਘਰਾਂ ਵਿੱਚ ਰਹਿੰਦੇ 87 ਦੇ ਕਰੀਬ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਅਲਬਰਟਾ ਐਮਰਜੰਸੀ ਅਲਰਟ ਮੁਤਾਬਕ ਪੀੜਤ ਲੋਕਾਂ ਲਈ ਐਡਸਨ ਦੇ ਬੈਸਟ ਵੈਸਟਰਨ ਹੋਟਲ ਵਿੱਚ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਹੈ ਅਤੇ ਪੀੜਤ ਲੋਕ ਉਥੇ ਚੈੱਕ ਇਨ ਕਰ ਸਕਦੇ ਹਨ। ਅਲਬਰਟਾ ਫ਼ੋਰਟਿਸ ਅਨੁਸਾਰ ਅੱਗ ਲੱਗਣ ਨਾਲ ਇੱਕ ਦਰੱਖਤ ਟੁੱਟ ਕੇ ਪਾਵਰ ਲਾਇਨ 'ਤੇ ਜਾ ਡਿੱਗਿਆ ਜਿਸ ਕਾਰਨ ਕੁਝ ਲੋਕਾਂ ਨੂੰ ਬਿਨ•ਾਂ ਬਿਜਲੀ ਤੋਂ ਰਾਤ ਗੁਜਾਰਨੀ ਪਈ। ਇਸ ਨਾਲ 2000 ਦੇ ਕਰੀਬ ਗ੍ਰਾਹਕ ਪ੍ਰਭਾਵਿਤ ਹੋਏ। ਇਹ ਘਟਨਾ ਸੂਬੇ 'ਚ ਵਾਪਰਨ ਵਾਲੀਆਂ ਪੰਜ ਸੱਭ ਤੋਂ ਵੱਧ ਭਿਆਨਕ ਅੱਗ ਅਤੇ ਨਾ ਕੰਟਰੋਲ ਹੋਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ। ਜ਼ਿਕਰਯੋਗ ਹੈ ਕਿ ਖੇਤੀਬਾੜੀ ਅਤੇ ਵਾਤਾਵਰਨ ਮਾਮਲਿਆਂ ਦੇ ਮੰਤਰੀ ਡੈਵਿਨ ਦਰੀਸ਼ਨ ਨੇ ਖ਼ੁਸ਼ਕ ਅਤੇ ਗਰਮ ਮੌਸਮ ਦੇ ਚਲਦਿਆਂ ਅਲਬਰਟਾ ਦੇ ਜੰਗਲਾਂ 'ਚ ਅੱਗ ਲੱਗਣ ਦੀ ਸੰਭਾਵਨਾ ਜਤਾਈ ਸੀ ਅਤੇ ਲੋਕਾਂ ਨੂੰ ਖੁਲ•ੀਆਂ ਥਾਵਾਂ 'ਤੇ ਅੱਗ ਜਲਾਉਣ 'ਤੇ ਪਾਬੰਦੀ ਵੀ ਲਾਈ ਸੀ।  ਇਸ ਤੋਂ ਇਲਾਵਾ ਆਫ਼ ਹਾਈਵੇਅ ਗੱਡੀਆਂ ਦੀ ਵਰਤੋਂ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਸਰਕਾਰ ਦਾ ਕਹਿਣਾ ਸੀ  ਕਿ ਜੰਗਲਾਂ 'ਚ ਅੱਗ ਲੱਗਣ ਦਾ ਖਤਰਾ ਵੱਧਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ ਜਿਸ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਸਰਕਾਰ ਵਲੋਂ ਪਾਬੰਦੀਸ਼ੁਦਾ ਇਲਾਕਿਆਂ ਵਿੱਚ ਹੋਣ ਵਾਲੇ ਸਾਰੇ ਫ਼ਾਇਰ ਪਰਮਿਟ ਵੀ ਰੱਦ ਕਰ ਦਿੱਤੇ ਹਨ।

ਹੋਰ ਖਬਰਾਂ »