ਨਵਾਂ ਸ਼ਹਿਰ, 21 ਮਈ, (ਹ.ਬ.) : ਬੰਗਾ ਇਲਾਕੇ ਦੇ ਪਿੰਡ ਲੱਖਪੁਰ ਦੇ ਐਨਆਰਆਈ ਪ੍ਰਵੀਨ ਕੁਮਾਰ ਉਰਫ ਭੀਮਾ ਦੀ ਇਟਲੀ ਵਿਖੇ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪ੍ਰਵੀਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ। ਕਰੀਬ ਢਾਈ ਮਹੀਨੇ ਪਹਿਲਾਂ ਉਹ 40 ਦਿਨ ਛੁੱਟੀ ਕੱਟ ਕੇ ਵਾਪਸ ਇਟਲੀ ਗਿਆ ਸੀ। ਭੀਮਾ ਦੇ ਪਿਤਾ ਸਤਪਾਲ, ਚਾਚੀ ਜਗਦੀਸ਼ ਕੌਰ, ਭੂਆ ਨਿਰਮਲ ਕੌਰ ਅਤੇ ਦਾਦਾ ਮਹਿੰਗਾ ਰਾਮ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਦਾ ਵਿਆਹ 2011 ਵਿਚ ਪਿੰਡ ਮਜਾਰੀ ਨੇੜੇ ਬਲਾਚੌਰ ਵਾਸੀ ਮਨਪ੍ਰੀਤ ਕੌਰ ਉਰਫ ਪੂਜਾ ਪੁੱਤਰੀ ਪ੍ਰਸੋਤਮ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ ਇੱਕ ਛੇ ਸਾਲਾ ਲੜਕੀ ਵੀ ਹੈ। ਭੀਮਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਅਕਸਰ ਉਸ ਦੀ ਪਤਨੀ ਉਸ ਨੂੰ ਵਿਦੇਸ਼ ਲਿਜਾਣ ਲਈ ਦਬਾਅ ਪਾਉਂਦੀ ਰਹਿੰਦੀ ਸੀ, ਜਿਸ ਕਾਰਨ ਉਨ੍ਹਾਂ ਵਿਚ ਲੜਾਈ ਹੁੰਦੀ ਸੀ।  ਉਨ੍ਹਾਂ ਦੋਸ਼ ਲਾਇਆ ਕਿ  ਮਨਪ੍ਰੀਤ ਉਨ੍ਹਾਂ ਦੇ ਪੁੱਤ ਨੂੰ ਧਮਕੀਆਂ ਦਿੰਦੀ ਰਹਿੰਦੀ ਸੀ ਕਿ ਜੇਕਰ ਉਹ ਉਸ ਨੂੰ ਇਟਲੀ ਨਾ ਲੈ ਕੇ ਗਿਆ ਤਾਂ ਉਹ ਇਟਲੀ ਰਹਿੰਦੇ ਅਪਣੇ ਰਿਸ਼ਤੇਦਾਰਾਂ ਤੋਂ ਉਸ ਨੂੰ ਮਰਵਾ ਦੇਵੇਗੀ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਸਵੇਰੇ ਫੋਨ 'ਤੇ ਜਾਣਕਾਰੀ ਮਿਲੀ ਕਿ ਪ੍ਰਵੀਨ ਸ਼ਰਾਬੀ ਹਾਲਤ ਵਿਚ ਡਿੱਗ ਪਿਆ ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।  ਪਰਵਾਰਕ ਮੈਂਬਰਾਂ ਨੇ ਸਰਕਾਰ ਤੋਂ ਪ੍ਰਵੀਨ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਮਾਮਲੇ ਦੀ ਜਾਂਚ ਕਰਾਉਂਦੇ ਹੋਏ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ  ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਸਬੰਧੀ ਬੰਗਾ ਥਾਣਾ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ। ਜਦੋਂ ਇਸ ਸਬੰਧੀ ਪ੍ਰਵੀਨ ਕੁਮਾਰ ਦੀ ਪਤਨੀ ਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਸਹੁਰਾ ਪੱਖ ਵਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਰਵੀਨ ਕੁਮਾਰ ਅਕਸਰ ਭਾਰਤ ਆ ਕੇ ਉਸ ਨਾਲ ਝਗੜਾ ਕਰਦਾ ਸੀ।

ਹੋਰ ਖਬਰਾਂ »