ਇਸਲਾਮਾਬਾਦ, 21 ਮਈ, (ਹ.ਬ.) : ਪਾਕਿਸਤਾਨ ਨੇ ਮੋਈਨ ਉਲ ਹਕ ਨੂੰ ਭਾਰਤ ਵਿਚ ਅਪਣਾ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ  ਨੇ  ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਨਾਲ ਦੁਵੱਲੇ ਸਬੰਧਾਂ ਦੇ ਲਿਹਾਜ ਨਾਲ ਨਵੀਂ ਦਿੱਲੀ ਦੇਸ਼ ਦੇ ਲਈ ਕਾਫੀ ਮਹੱਤਵਪੂਰਣ ਹੈ। ਇਹੀ ਕਾਰਨ ਹੈ ਕਿ ਅਸੀਂ ਮੋਈਨ ਉਲ ਹਕ ਨੂੰ ਭਾਰਤ ਭੇਜ ਰਹੇ ਹਾਂ। ਮੈਨੂੰ ਉਮੀਦ ਹੈ ਕਿ ਮੋਈਨ ਉਲ ਹਕ ਬਿਹਤਰੀਨ ਕੰਮ ਕਰਨਗੇ। ਹਕ ਫਰਾਂਸ ਵਿਚ ਪਾਕਿਸਤਾਨ ਦੇ ਰਾਜਦੂਤ ਸੀ। 
ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਭਾਰਤ, ਚੀਨ ਅਤੇ ਜਾਪਾਨ ਸਣੇ ਕਰੀਬ ਦੋ ਦਰਜਨ ਦੇਸ਼ਾਂ ਵਿਚ ਪਾਕਿਸਤਾਨ ਦੇ ਨਵੇਂ ਹਾਈ ਕਮਿਸ਼ਨਰਾਂ ਤੇ ਰਾਜਦੂਤਾਂ ਦੀ Îਨਿਯੁਕਤੀ ਨੂੰ  ਮਨਜ਼ੂਰੀ ਦਿੱਤੀ। ਪਾਕਿਸਤਾਨ ਦੇ ਨਵੇਂ ਵਿਦੇਸ਼ ਸਕੱਤਰ ਦੇ ਰੂਪ ਵਿਚ ਸੋਹੇਲ ਮਹਿਮੂਦ ਦੀ ਨਿਯੁਕਤੀ ਦੇ ਬਾਅਦ ਤੋਂ ਭਾਰਤ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਦਾ ਅਹੁਦਾ ਖਾਲੀ ਸੀ। ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਵੀਡੀਓ ਸਟੇਟਮੈਂਟ ਵਿਚ ਕਿਹਾ ਕਿ ਸਲਾਹ ਮਸ਼ਵਰੇ ਤੋਂ ਬਾਅਦ ਮੈਂ ਫਰਾਂਸ ਵਿਚ ਮੌਜੂਦਾ ਰਾਜਦੂਤ ਮੋਈਨ ਉਲ ਹਕ ਨੂੰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਕੁਰੈਸ਼ੀ ਨੇ ਅੱਗੇ ਕਿਹਾ ਕਿ ਭਾਰਤ ਵਿਚ ਚੋਣ ਖਤਮ ਹੋ ਰਹੇ ਹਨ ਅਤੇ ਉਥੇ ਨਵੀਂ ਸਰਕਾਰ ਬਣਨ ਵਾਲੀ ਹੈ। ਅਜਿਹੇ ਵਿਚ ਇਸ ਗੱਲ ਦੀ ਸੰਭਾਵਨਾ ਹੈ ਕਿ ਚੋਣਾਂ ਬਾਅਦ ਗੱਲਬਾਤ ਅਤੇ ਦੁਵੱਲੇ ਸਬੰਧਾਂ ਦਾ ਨਵਾਂ ਸਿਲਸਿਲਾ ਸ਼ੁਰੂ ਹੋਵੇ। ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਹੋਰ ਖਰਾਬ ਹੋ ਗਏ ਹਨ। ਸਰਹੱਦ ਪਾਰ ਅੱਤਵਾਦ ਨੂੰ ਲੈ ਕੇ ਭਾਰਤ ਕਾਫੀ ਨਾਰਾਜ਼ ਹੈ।  ਫਿਲਹਾਲ ਦੋਵੇਂ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਦੇ ਵਿਚਕਾਰ ਗੱਲਬਾਤ ਬੰਦ ਹੈ । ਭਾਰਤ ਦਾ ਕਹਿਣਾ ਹੇ ਕਿ ਅੱਤਵਾਦ ਅਤੇ ਗੱਲਬਾਤ ਨਾਲ ਨਾਲ ਨਹੀਂ ਚਲ ਸਕਦੇ।

ਹੋਰ ਖਬਰਾਂ »

ਅੰਤਰਰਾਸ਼ਟਰੀ