ਚੰਡੀਗੜ੍ਹ, 1 ਜੂਨ, (ਹ.ਬ.) : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਸੜਕ ਹਾਦਸੇ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਨੂੰ 26 ਲੱਖ 30 ਹਜ਼ਾਰ ਸਾਢੇ ਸੱਤ ਪ੍ਰਤੀਸ਼ਤ ਵਿਆਜ ਦੇ ਨਾਲ ਮੁਆਵਜ਼ਾ ਰਕਮ ਦੇਣ ਦਾ ਆਦੇਸ਼ ਦਿੱਤਾ ਹੈ। ਮ੍ਰਿਤਕ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਦੇ ਰੂਪ ਵਿਚ ਹੋਈ ਸੀ। ਟ੍ਰਿਬਿਊਨਲ ਨੇ ਇਹ ਆਦੇਸ਼ ਗੱਡੀ ਦੇ ਚਾਲਕ, ਮਾਲਕ ਅਤੇ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮÎਟਿਡ ਨੂੰੰ ਦਿੱਤੇ ਹਨ।
ਦਰਜ ਕੇਸ ਵਿਚ ਮ੍ਰਿਤਕ ਦੇ ਪਰਿਵਾਰ ਨੇ 75 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ। ਦੱਸਿਆ ਕਿ ਪ੍ਰੀਤਪਾਲ ਕਿਸਾਨ ਹੋਣ ਦੇ ਨਾਲ ਡਰਾਈਵਰ ਵੀ ਸੀ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਸੀ। ਇਹ ਹਾਦਸਾ ਗੱਡੀ ਦੇ ਚਾਲਕ ਸਾਹਿਲ ਕੁਮਾਰ ਵਲੋਂ ਗੱਡੀ ਨੂੰ ਲਾਪਰਵਾਹੀ ਨਾਲ ਚਲਣ ਕਾਰਨ ਹੋਇਆ ਸੀ। 
ਮਾਮਲੇ ਦੀ ਸੁਣਵਾਈ ਦੌਰਾਨ ਪੱਖ ਰਖਦੇ ਹੋਏ ਦੋਵਾਂ ਨੇ ਦਲੀਲ ਦਿੱਤੀ ਕਿ  ਹਾਦਸਾ ਪ੍ਰੀਤਪਾਲ ਜਿਸ ਗੱਡੀ ਵਿਚ ਬੈਠਾ ਸੀ, ਉਸ ਦੇ ਡਰਾਈਵਰ ਕਾਰਨ ਹੋਇਆ ਹੈ, ਕਿਉਂਕਿ ਉਹ ਤੇਜ਼ ਸਪੀਡ ਨਾਲ ਬੋਲੈਰੋ ਗੱਡੀ ਨੂੰ ਚਲਾ ਰਿਹਾ ਸੀ ਅਤੇ ਉਹ ਅਪਣੀ ਬੋਲੈਰੋ ਗੱਡੀ ਨੂੰ ਕੰਟਰੋਲ ਵਿਚ ਨਹੀਂ ਕਰ ਸਕਿਆ। ਦੱਸਿਆ ਕਿ ਬੋਲੈਰੋ ਗੱਡੀ ਚਾਲਕ ਸੁਖਚੈਨ ਸਿੰਘ ਨੇ ਉਸ ਸਮੇਂ ਰੈਡ ਸਿਗਨਲ ਨੂੰ ਕਰਾਸ ਕੀਤਾ ਜਦ ਕਿ ਸਾਹਿਲ ਨੂੰ ਪਹਿਲਾਂ ਤੋਂ ਹੀ ਗਰੀਨ ਸਿਗਨਲ ਮਿਲਿਆ ਹੋਇਆ ਸੀ। 
ਦਰਜ ਕੇਸ ਵਿਚ ਦੱਸਿਆ ਕਿ 21 ਜੁਲਾਈ, 2018 ਨੂੰ ਪ੍ਰੀਤਪਾਲ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸਬਜ਼ੀ ਮੰਡੀ ਵਿਚ ਮਹਿੰਦਰਾ ਗੱਡੀ ਵਿਚ ਸਬਜ਼ੀ ਲੋਡ ਕਰਕੇ ਚਲਿਆ ਸੀ।  ਗੱਡੀ ਵਿਚ ਪ੍ਰੀਤਪਾਲ ਦੇ ਨਾਲ ਉਸ ਦਾ ਚਚੇਰਾ ਭਰਾ ਸੁਖਚੈਨ ਸਿੰਘ ਵੀ ਸੀ ਅਤੇ ਘਰ ਵੱਲ ਵਾਪਸ ਜਾ ਰਹੇ ਸੀ। ਗੱਡੀ ਨੂੰ ਸੁਖਚੈਨ ਸਿੰਘ ਚਲਾ ਰਿਹਾ ਸੀ। ਜਦ ਉਹ ਸੈਕਟਰ 49 ਦੇ ਚੌਕ ਕੋਲ ਪੁੱਜੇ ਅਤੇ ਸੜਕ ਕਰਾਸ ਕਰਨ ਲੱਗੇ ਤਾਂ ਸੈਕਟਰ 48 ਵੱਲੋਂ ਆ ਰਹੀ ਗੱਡੀ ਨੇ ਪ੍ਰੀਤਪਾਲ ਦੀ ਗੱਡੀ ਨੂੰ ਟੱਕਰ ਮਾਰੀ। ਇਸ ਕਾਰਨ ਪ੍ਰੀਤਪਾਲ ਦੀ ਗੱਡੀ ਦਰਤਖ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਪ੍ਰੀਤਪਾਲ ਅਤੇ ਸੁਖਚੈਨ ਦੋਵੇਂ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪ੍ਰੀਤਪਾਲ ਦੀ ਮੌਤ ਹੋ ਗਈ।

ਹੋਰ ਖਬਰਾਂ »