ਵੈਨਕੂਵਰ, 3 ਜੂਨ (ਵਿਸ਼ੇਸ਼ ਪ੍ਰਤੀਨਿਧ) : ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਇਲਾਕੇ ਵਿਚ ਸਰਗਰਮ ਪੰਜਾਬੀਆਂ ਨਾਲ ਸਬੰਧਤ ਨਵੇਂ ਗਿਰੋਹਾਂ ਵਿਚੋਂ ਇਕ ਨੇ ਵੈਨਕੂਵਰ ਆਇਲੈਂਡ ਵਿਖੇ ਵੀ ਗਤੀਵਿਧੀਆਂ ਸ਼ੁਰੂ ਕਰ ਦਿਤੀਆਂ ਹਨ। ਪੁਲਿਸ ਨੇ ਗਵਿੰਦਰ ਗਰੇਵਾਲ ਵੱਲੋਂ ਬਣਾਏ ਬ੍ਰਦਰਜ਼ ਕੀਪਰਜ਼ ਗੈਂਗ ਦੋ ਮੈਂਬਰਾਂ ਨੂੰ ਕਾਬੂ ਕਰਦਿਆਂ ਦੱਸਿਆ ਕਿ ਗਿਰੋਹ ਨੇ ਵੈਨਕੂਵਰ ਆਇਲੈਂਡ ਵਿਖੇ ਨਸ਼ਾ ਤਸਕਰੀ ਦਾ ਜਾਲ ਵਿਛਾ ਦਿਤਾ ਹੈ। ਪੁਲਿਸ ਨੇ ਫ਼ਿਲਹਾਲ ਗ੍ਰਿਫ਼ਤਾਰ ਕੀਤੇ ਗਏ ਦੋ ਜਣਿਆਂ ਦੇ ਨਾਂ ਜਨਤਕ ਨਹੀਂ ਕੀਤੇ ਜਿਨ•ਾਂ ਵਿਚੋਂ ਇਕ ਮਹਿਲਾ ਦੱਸੀ ਜਾ ਰਹੀ ਹੈ। ਦੋਹਾਂ ਨੂੰ ਜਾਂਚ ਮੁਕੰਮਲ ਹੋਣ ਤੱਕ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਦੱਸ ਦੇਈਏ ਕਿ ਬੀਤੀ 15 ਮਈ ਨੂੰ ਪੁਲਿਸ ਨੇ ਬੈਟਲਫ਼ੋਰਡ ਐਵੇਨਿਊ ਦੇ 200 ਬਲਾਕ ਵਿਖੇ ਸਥਿਤ ਇਕ ਮਕਾਨ ਵਿਚ ਛਾਪਾਮਾਰੀ ਦੌਰਾਨ ਦੋ ਸ਼ੱਕੀਆ ਨੂੰ ਹਿਰਾਸਤ ਵਿਚ ਲਿਆ ਸੀ। ਮਕਾਨ ਦੀ ਤਲਾਸ਼ੀ ਦੌਰਾਨ ਫ਼ੈਂਟਾਨਿਲ, ਕੋਕੀਨ ਅਤੇ 15 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ ਸਨ। ਪੁਲਿਸ ਦੀ ਗਿਰੋਹ ਵਿਰੋਧੀ ਇਕਾਈ ਦੀ ਸਾਰਜੈਂਟ ਬਰੈਂਡਾ ਵਿਨਪੈਨੀ ਨੇ ਦੱਸਿਆ ਕਿ ਬ੍ਰਦਰਜ਼ ਕੀਪਰਜ਼ ਗਿਰੋਹ ਨੇ ਲੋਅਰ ਮੇਨਲੈਂਡ ਇਲਾਕਾ ਨਹੀਂ ਛੱਡਿਆ ਪਰ ਆਪਣਾ ਜਾਲ ਵੈਨਕੂਵਰ ਆਇਲੈਂਡ ਤੱਕ ਫੈਲਾਅ ਦਿਤਾ ਹੈ।

ਹੋਰ ਖਬਰਾਂ »