ਵਡੋਦਰਾ, 4 ਜੂਨ, (ਹ.ਬ.) : ਪੜ੍ਹਾਈ ਦੇ ਲਈ ਅਮਰੀਕਾ ਗਈ ਮਾਯੂਸ਼ੀ ਭਗਤ ਪਿਛਲੇ ਇੱਕ ਮਹੀਨੇ ਤੋਂ ਨਿਊ ਜਰਸੀ ਦੇ ਜਰਸੀ ਸਿਟੀ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ। ਇੱਕ ਮਹੀਨੇ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਚਲ ਸਕਿਆ।  ਇਸ ਸਬੰਧ ਵਿਚ ਉਸ ਦੀ ਦਾਦੀ ਸਰਸਵਤੀ ਬੇਨ ਦਾ ਕਹਿਣਾ ਹੈ ਕਿ ਅਸੀਂ ਚੋਣਾਂ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਾਂਸਦ ਰੰਜਨਬੇਨ ਨੂੰ ਅਪੀਲ ਕੀਤੀ ਸੀ, ਉਨ੍ਹਾਂ ਨੇ ਚੋਣਾਂ ਤੋਂ ਬਾਅਦ ਕੰਮ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਮਾਯੂਸ਼ੀ ਦਾ ਕੋਈ ਪਤਾ ਨਹੀਂ ਚਲ ਸਕਿਆ ਹੈ। 
ਸ਼ਹਿਰ ਵਿਚ ਪਾਣੀਗੇਟ ਦੀ ਟੈਂਕ ਦੇ ਕੋਲ ਬੀ 41, ਓਮਨਗਰ ਵਿਚ ਰਹਿਣ ਵਾਲੇ ਵਿਕਾਸਭਾਈ ਭਗਤ ਦੀ ਧੀ ਮਾਯੂਸ਼ੀ, ਸ਼ਹਿਰ ਵਿਚ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਗਈ ਸੀ।
ਉਸ ਨੂੰ ਸਟੂਡੈਂਟ ਵੀਜ਼ਾ ਮਿਲਿਆ ਸੀ। ਉਥੇ ਉਸ ਨੇ ਯੂਨੀਵਰਸਿਟੀ ਆਫ਼ ਹੈਂਪਸ਼ਾਇਰ ਵਿਚ ਮਾਸਟਰਸ ਕਰਨ ਦੇ ਲਈ ਦਾਖ਼ਲਾ ਲਿਆ ਸੀ। ਅਗਸਤ 2016 ਵਿਚ ਉਸ ਨੂੰ ਉਥੇ ਦਾਖ਼ਲਾ ਮਿਲਿਆ, ਜਰਸੀ ਸਿਟੀ ਵਿਚ ਉਹ ਰਹਿੰਦੀ ਸੀ। 29 ਅਪ੍ਰੈਲ 2019 ਨੂੰ ਉਹ ਰਹੱਸਮਈ ਢੰਗ ਨਾਲ ਲਾਪਤਾ ਹੋ ਗਈ। ਅੱਜ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ। ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਵਿਚ ਇੱਕ ਮਈ ਨੂੰ ਕਰ ਦਿੱਤੀ ਸੀ। ਮਾਯੂਸ਼ੀ ਦੇ ਪਿਤਾ ਵਿਕਾਸ ਭਗਤ ਵਡੋਦਰਾ ਦੇ ਵਾਰਡ ਨੰਬਰ 9 ਵਿਚ ਕੰਮ ਕਰਦੇ ਹਨ। ਉਹ ਵੀ ਇਸ ਸਮੇਂ ਅਮਰੀਕਾ ਵਿਚ ਹਨ। ਮਾਯੂਸ਼ੀ ਦੀ ਦਾਦੀ ਵਡੋਦਰਾ ਵਿਚ ਰਹਿੰਦੀ ਹੈ। ਅਪਣੀ ਪੋਤੀ ਦੇ ਗੁੰਮ ਹੋਣ ਕਾਰਨ ਉਹ ਕਾਫੀ ਚਿੰਤਤ ਹੈ।

ਹੋਰ ਖਬਰਾਂ »