ਦੋਹਾਂ ਪਾਰਟੀਆਂ ਨੇ ਇਕ-ਦੂਜੇ 'ਤੇ ਲਾਏ ਹਮਲਾ ਕਰਨ ਦੇ ਦੋਸ਼

ਕੋਲਕਾਤਾ, 9 ਜੂਨ (ਵਿਸ਼ੇਸ਼ ਪ੍ਰਤੀਨਿਧ) : ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਾਮੂਲ ਕਾਂਗਰਸ ਅਤੇ ਭਾਜਪਾ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਹੋਈ ਝੜਪ ਵਿਚ ਘੱਟੋ-ਘੱਟ 8 ਜਣੇ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬੰਗਾਲ ਦੇ ਉੱਤਰੀ 24 ਪਰਗਣਾ ਜ਼ਿਲ•ੇ ਵਿਚ ਭਾਜਪਾ ਦਾ ਝੰਡਾ ਉਤਾਰਨ ਦੇ ਮੁੱਦੇ 'ਤੇ ਟਕਰਾਅ ਸ਼ੁਰੂ ਹੋਇਆ ਅਤੇ ਸੂਤਰਾਂ ਮੁਤਾਬਕ ਤ੍ਰਿਣਮੂਲ ਕਾਂਗਰਸ ਦੇ ਹਮਾਇਤੀਆਂ ਨੇ ਕਥਿਤ ਤੌਰ 'ਤੇ 5 ਭਾਜਪਾ ਵਰਕਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਜਦਕਿ 18 ਹੋਰ ਲਾਪਤਾ ਦੱਸੇ ਜਾ ਰਹੇ ਹਨ। ਉਧਰ ਤ੍ਰਿਣਾਮੂਲ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਸੰਦੇਸ਼ਖਲੀ ਵਿਧਾਨ ਸਭਾ ਹਲਕੇ ਦੇ ਹਟਗਾਚੀ ਇਲਾਕੇ ਵਿਚ ਝਗੜੇ ਦੌਰਾਨ ਉਨ•ਾਂ ਦੇ ਤਿੰਨ ਵਰਕਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਭਾਜਪਾ ਆਗੂ ਮੁਕੁਲ ਰਾਏ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਭਾਜਪਾ ਵਰਕਰਾਂ ਵਿਰੁੱਧ ਹਿੰਸਕ ਵਾਰਦਾਤਾਂ ਨੂੰ ਸ਼ਹਿ ਦਿਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਇਸ ਘਟਨਾਕ੍ਰਮ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਾਰੀਕੀ ਨਾਲ ਜਾਣੂ ਕਰਵਾ ਦਿਤਾ ਗਿਆ ਹੈ। ਪੁਲਿਸ ਨੇ ਹੁਣ ਤੱਕ ਸਿਰਫ਼ ਤਿੰਨ ਸਿਆਸੀ ਕਾਰਕੁੰਨਾਂ ਦੀ ਹੱਤਿਆ ਦੀ ਪੁਸ਼ਟੀ ਕੀਤੀ  ਹੈ ਜਿਨ•ਾਂ ਵਿਚੋਂ 2 ਭਾਜਪਾ ਅਤੇ ਇਕ ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਸ਼ਨਿੱਚਰਵਾਰ ਬਾਅਦ ਦੁਪਹਿਰ ਭਾਜਪਾ ਦਾ ਝੰਡਾ ਜ਼ਬਰਦਸਤੀ ਉਤਾਰ ਦਿਤਾ ਗਿਆ ਜਿਸ ਮਗਰੋਂ ਦੋਹਾਂ ਧਿਰਾਂ ਵਿਚਾਲੇ ਝੜਪਾਂ ਸ਼ੁਰੂ ਹੋ ਗਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.