ਇਸਲਾਮਾਬਾਦ, 11 ਜੂਨ, (ਹ.ਬ.) : ਅਮਰੀਕਾ ਦੀ ਸਖਤੀ ਤੋਂ ਬਾਅਦ ਪਾਕਿਸਤਾਨ ਨੇ ਅਪਣੀ ਵੀਜ਼ਾ ਨੀਤੀ ਵਿਚ ਵੱਡਾ ਬਦਲਾਅ ਕੀਤਾ ਹੈ। ਪਾਕਿਸਤਾਨ ਨੇ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਉਹ ਕਈ ਵਾਰੀ ਪਾਕਿਸਤਾਨ ਦੀ ਯਾਤਰਾ ਕਰ ਸਕਣਗੇ। ਅਮਰੀਕਾ ਨੇ ਮਾਰਚ ਵਿਚ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਮਿਆਦ ਪੰਜ ਤੋਂ ਘਟਾ ਕੇ ਇੱਕ ਸਾਲ ਕਰ ਦਿੱਤੀ ਸੀ।ਸਥਾਨਕ ਅਖ਼ਬਾਰ ਵਿਚ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਪੰਜ ਸਾਲਾ ਵੀਜ਼ੇ ਨਾਲ ਦੋਵਾਂ ਦੇਸ਼ਾਂ ਦੇ ਨਿਵੇਸ਼ਕਾਂ ਤੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਨਵੀਂ ਵੀਜ਼ਾ ਨੀਤੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੈਰ ਸਪਾਟੇ ਤੇ ਕਾਰੋਬਾਰ ਵਿਚ ਸੁਧਾਰ ਲਿਆਉਣ ਵਾਲੇ ਰੁਖ ਦੇ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਪਿਛਲੇ ਮਹੀਨੇ ਹੀ ਅਮਰੀਕਾ ਸਥਿਤ ਪਾਕਿਸਤਾਨੀ ਦੂਤਘਰ ਨਾਲ ਜੁੜੇ ਦਫ਼ਤਰਾਂ ਨੂੰ ਦੱਸ ਦਿੱਤਾ ਸੀ ਕਿ ਉਹ ਅਮਰੀਕੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਵਿਚ ਨਵੀਂ ਨੀਤੀ ਦੀ ਪਾਲਣਾ ਕਰਨ। ਅਮਰੀਕਾ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਅਪਣੇ ਨਾਗਰਿਕਾਂ ਲਈ ਪੰਜ ਸਾਲ ਦੇ ਵੀਜ਼ੇ ਦੀ ਮੰਗ ਕਰ ਰਿਹਾ ਸੀ। ਪਰ ਪਾਕਿਸਤਾਨ ਵਲੋਂ ਕੋਈ ਜਵਾਬ ਨਹੀਂ ਮਿਲਣ 'ਤੇ ਅਮਰੀਕਾ ਨੇ ਅਪਣੀ ਨੀਤੀ  ਬਦਲ ਦਿੱਤੀ। ਪੰਜ ਮਾਰਚ ਨੂੰ ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਦੀ ਮਿਆਦ ਨੂੰ ਪੰਜ ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤਾ ਸੀ। ਉਸ ਨੇ ਇਹ ਐਲਾਨ ਵੀ ਕੀਤਾ ਸੀ ਕਿ ਵੀਜ਼ੇ ਦਾ ਨਵੀਨੀਕਰਣ ਕਰਾਏ ਬਗੈਰ ਪਾਕਿਸਤਾਨੀ ਪੱਤਰਕਾਰ ਅਮਰੀਕਾ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਨਹੀਂ ਰਹਿ ਸਕਣਗੇ।

ਹੋਰ ਖਬਰਾਂ »