ਪੰਜਾਬੀ ਟਾਕ ਸ਼ੋਅ ਦੇ ਮੇਜ਼ਬਾਨ ਨੂੰ ਧਮਕੀਆਂ ਦਾ ਮਾਮਲਾ

ਸਰੀ, 11 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਚਰਚਾ ਵਿਚ ਆਏ ਜਸਪਾਲ ਅਟਵਾਲ ਵਿਰੁੱਧ ਲੱਗੇ ਧਮਕੀਆਂ ਦੇਣ ਦੇ ਦੋਸ਼ਾਂ 'ਤੇ ਰੋਕ ਲਾ ਦਿਤੀ ਗਈ ਹੈ। ਜਸਪਾਲ ਅਟਵਾਲ ਲਗਾਤਾਰ ਦਲੀਲ ਦੇ ਰਿਹਾ ਸੀ ਕਿ ਪੰਜਾਬੀ ਟਾਕ ਸ਼ੋਅ ਦੇ ਮੇਜ਼ਬਾਨ ਗੁਰਵਿੰਦਰ ਸਿੰਘ ਧਾਲੀਵਾਲ ਨੂੰ ਉਸ ਨੇ ਕੋਈ ਧਮਕੀ ਨਹੀਂ ਦਿਤੀ। ਅਟਵਾਲ ਨੇ 17 ਜੂਨ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ ਪਰ ਉਸ ਦੇ ਵਕੀਲ ਮਾਰਵਿਨ ਸਟਰਨ ਨੇ ਸੋਮਵਾਰ ਨੂੰ ਦੋਸ਼ਾਂ 'ਤੇ ਰੋਕ ਲੱਗਣ ਦੀ ਜਾਣਕਾਰੀ ਦਿਤੀ। ਪਿਛਲੇ ਸਾਲ 23 ਅਪ੍ਰੈਲ ਦੀ ਘਟਨਾ ਬਾਰੇ ਮਾਰਵਿਨ ਸਟਰਨ ਨੇ ਕਿਹਾ ਸੀ ਕਿ ਜਸਪਾਲ ਅਟਵਾਲ ਅਤੇ ਗੁਰਵਿੰਦਰ ਸਿੰਘ ਧਾਲੀਵਾਲ ਦਰਮਿਆਨ ਰੇਡੀਉ ਸਟੇਸ਼ਨ ਦੇ ਪਾਰਕਿੰਗ ਸਥਾਨ ਵਿਚ ਗੱਲਬਾਤ ਜ਼ਰੂਰ ਹੋਈ ਸੀ ਪਰ ਅਟਵਾਲ ਨੇ ਕੋਈ ਧਮਕੀ ਨਹੀਂ ਸੀ ਦਿਤੀ। ਜਸਪਾਲ ਅਟਵਾਲ ਨੇ ਦੋਸ਼ ਲਾਇਆ ਸੀ ਕਿ ਪੰਜਾਬੀ ਮੀਡੀਆ ਦਾ ਇਕ ਧੜਾ ਸਿਆਸੀ ਤਿਕੜਮਾਂ ਅਧੀਨ ਸਰੀ ਆਰ.ਸੀ.ਐਮ.ਪੀ. ਨੂੰ ਉਸ ਵਿਰੁੱਧ ਭੜਕਾ ਰਿਹਾ ਹੈ।

ਹੋਰ ਖਬਰਾਂ »