5ਵੇਂ ਮੈਚ ਵਿਚ ਗੋਲਡਨ ਸਟੇਟ ਵਾਰੀਅਰਜ਼ ਨੇ ਹਾਸਲ ਕੀਤੀ ਜਿੱਤ

ਟੋਰਾਂਟੋ, 11 ਜੂਨ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਰੈਪਟਰਜ਼ ਨੂੰ ਆਪਣੇ ਪਹਿਲੇ ਐਨ.ਬੀ.ਏ. ਖਿਤਾਬ ਲਈ ਹੋਰ ਉਡੀਕ ਕਰਨੀ ਹੋਵੇਗੀ। ਗੋਲਡਨ ਸਟੇਟ ਵਾਰੀਅਰਜ਼ ਨੇ ਬੇਹੱਦ ਫ਼ਸਵੇਂ ਮੈਚ ਵਿਚ ਰੈਪਟਰਜ਼ ਨੂੰ 106 ਦੇ ਮੁਕਾਬਲੇ 105 ਅੰਕਾਂ ਨਾਲ ਹਰਾ ਦਿਤਾ। ਬੈਸਟ ਆਫ਼ ਸੈਵਨ ਦੇ ਸਿਧਾਂਤ ਤਹਿਤ ਖੇਡੇ ਜਾ ਰਹੇ ਫ਼ਾਈਨਲਜ਼ ਮੁਕਾਬਲਿਆਂ ਦਾ 6ਵਾਂ ਮੈਚ ਕੈਲੇਫ਼ੋਰਨੀਆ ਦੇ ਓਕਲੈਂਡ ਵਿਖੇ ਵੀਰਵਾਰ ਨੂੰ ਖੇਡਿਆ ਜਾਵੇਗਾ। ਟੋਰਾਂਟੋ ਰੈਪਟਰਜ਼ ਦੀ ਟੀਮ ਫ਼ਾਈਨਲ ਮੁਕਾਬਲਿਆਂ ਦੀ ਲੜੀ ਵਿਚ 3-2 ਨਾਲ ਅੱਗੇ ਚੱਲ ਰਹੀ ਹੈ ਅਤੇ ਖਿਤਾਬ ਆਪਣੇ ਨਾਂ ਕਰਨ ਲਈ ਬਾਕੀ ਬਚੇ ਦੋ ਮੈਚਾਂ ਵਿਚੋਂ ਇਕ ਮੈਚ ਜਿੱਤਣਾ ਹੋਵੇਗਾ। ਗੋਲਡਨ ਸਟੇਟ ਵਾਰੀਅਰਜ਼ ਦੇ ਸਟੀਫ਼ਨ ਕਰੀ ਅਤੇ ਕਲੇਅ ਥੌਂਪਸਨ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪਣੀ ਟੀਮ ਵਾਸਤੇ ਕ੍ਰਮਵਾਰ 31 ਅਤੇ 26 ਅੰਕ ਹਾਸਲ ਕੀਤੇ। ਮੈਚ ਖ਼ਤਮ ਹੋਣ ਤੋਂ 57 ਸਕਿੰਟ ਪਹਿਲਾਂ ਕਰੀ ਅਤੇ ਥੌਂਪਸਨ ਨੇ ਲਗਾਤਾਰ ਤਿੰਨ-ਤਿੰਨ ਅੰਕ ਹਾਸਲ ਕਰਦਿਆਂ ਆਪਣੇ ਟੀਮ ਨੂੰ ਅੱਗੇ ਕਰ ਦਿਤਾ ਅਤੇ ਮੈਚ ਵੇਖ ਰਹੇ ਦਰਸ਼ਕਾਂ ਦੇ ਦਿਲ ਦੀਆਂ ਧੜਕਣਾਂ ਰੁਕ ਗਈਆਂ। ਰੈਪਟਰਜ਼ ਨੇ ਲੀਡ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਆਖਰੀ ਸੀਟੀ ਵੱਜ ਚੁੱਕੀ ਸੀ। ਰੈਪਟਰਜ਼ ਦੇ ਕਾਇਲ ਲੌਰੀ ਨੇ 18, ਮਾਰਕ ਗੈਸਲ ਨੇ 17, ਸਰਜ ਇਬਾਕਾ ਨੇ 15 ਅਤੇ ਪਾਸਕਲ ਸਿਆਕਾਮ ਨੇ 12 ਅੰਕਾਂ ਦਾ ਯੋਗਦਾਨ ਪਾਇਆ। 

ਹੋਰ ਖਬਰਾਂ »