ਟੈਲੀਮਾਰਕਿਟਿੰਗ ਘਪਲੇ ਤਹਿਤ ਲੋਕਾਂ ਤੋਂ ਠੱਗੇ ਸਨ 10 ਲੱਖ ਡਾਲਰ

ਨਿਊ ਯਾਰਕ, 11 ਜੂਨ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥੀ ਨੂੰ ਟੈਲੀਮਾਰਕਿਟਿੰਗ ਘਪਲੇ ਵਿਚ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਦੇ ਦੋਸ਼ ਹੇਠ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਦਿਆਰਥੀ ਦੀ ਪਛਾਣ 21 ਸਾਲ ਦੇ ਵਿਸ਼ਵਜੀਤ ਕੁਮਾਰ ਝਾਅ ਵਜੋਂ ਕੀਤੀ ਗਈ ਹੈ। ਦੱਸ ਦੇਈਏ ਕਿ ਟੈਲੀਮਾਰਕਿਟਿੰਗ ਘਪਲੇ ਤਹਿਤ ਦਰਜਨਾਂ ਅਮਰੀਕੀਆਂ ਨਾਲ 10 ਲੱਖ ਡਾਲਰ ਦੀ ਧੋਖਾਧੜੀ ਕੀਤੀ ਗਈ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਵਿਸ਼ਵਜੀਤ ਝਾਅ ਅਤੇ ਉਸ ਦੇ ਸਾਥੀਆਂ ਨੇ ਕਈ ਲੋਕਾਂ ਨੂੰ ਠੱਗਿਆ। ਇਹ ਸਾਰੇ ਹੌਸਪੀਟੈਲਿਟੀ ਖੇਤਰ ਵਿਚ ਇੰਟਰਨਸ਼ਿਪ ਕਰ ਰਹੇ ਸਨ। ਵਿਸ਼ਵਜੀਤ ਦੀ ਸਜ਼ਾ ਖ਼ਤਮ ਹੋਣ ਸਾਰ ਉਸ ਨੂੰ ਡਿਪੋਰਟ ਕਰ ਦਿਤਾ ਜਾਵੇਗਾ। ਠੱਗੀ ਦੇ ਸ਼ਿਕਾਰ ਬਣੇ ਲੋਕਾਂ ਵਿਚੋਂ ਜ਼ਿਆਦਾਤਰ 58 ਤੋਂ 93 ਸਾਲ ਦੀ ਉਮਰ ਦੇ ਸਨ ਜਿਨ•ਾਂ ਕੋਲੋਂ ਇਕ ਹਜ਼ਾਰ ਡਾਲਰ ਤੋਂ ਲੈ ਕੇ ਪੌਣੇ ਦੋ ਲੱਖ ਡਾਲਰ ਤੱਕ ਦੀ ਰਕਮ ਠੱਗੀ ਗਈ। ਨਿਆਂ ਵਿਭਾਗ ਮੁਤਾਬਕ ਤਿੰਨ ਮਹੀਨੇ ਦੇ ਸਮੇਂ ਦੌਰਾਨ ਘੱਟੋ-ਘੱਟ 9 ਲੱਖ 37 ਹਜ਼ਾਰ ਡਾਲਰ ਦੀ ਰਕਮ ਠੱਗੀ ਗਈ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਤਕਰੀਬਨ ਦੋ ਦਰਜਨ ਪੀੜਤ ਇਹ ਸਮਝਦੇ ਰਹੇ ਕਿ ਉਨ•ਾਂ ਨੂੰ ਤਕਨੀਕੀ ਸਹਾਇਤਾ ਮਿਲ ਰਹੀ ਹੈ ਅਤੇ ਨਕਦ ਰੂਪ ਵਿਚ ਦਿਤੀ ਜਾ ਰਹੀ ਰਕਮ ਮੁੜ ਉਨ•ਾਂ ਦੇ ਬੈਂਕ ਖਾਤਿਆਂ ਵਿਚ ਆ ਜਾਵੇਗੀ। ਚੇਤੇ ਰਹੇ ਕਿ ਨਿਊ ਪੋਰਟ ਪੁਲਿਸ ਨੇ 20 ਨਵੰਬਰ 2018 ਨੂੰ ਟੈਲੀਮਾਰਕਿਟਿੰਗ ਘਪਲੇ ਦਾ ਪਰਦਾਫ਼ਾਸ਼ ਕੀਤਾ ਸੀ ਜਦੋਂ ਅਦਾਲਤ ਦੀ ਇਜਾਜ਼ਤ ਦੇ ਆਧਾਰ 'ਤੇ ਵਿਸ਼ਵਜੀਤ ਝਾਅ ਅਤੇ ਹੋਰਨਾਂ ਦੇ ਘਰਾਂ ਵਿਚ ਛਾਪੇ ਮਾਰੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.