ਅਹਿਮਦਾਬਾਦ, 12 ਜੂਨ, (ਹ.ਬ.) : ਪ੍ਰੇਮਿਕਾ ਲਈ ਜਹਾਜ਼ ਅਗਵਾ ਕਰਨ ਦੀ ਧਮਕੀ ਦੇਣ ਵਾਲੇ ਮੁੰਬਈ ਦੇ ਕਾਰੋਬਾਰੀ ਬਿਰਜੂ ਸੱਲਾ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਤੇ ਪੰਜ ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 2016 ਵਿਚ ਬਣੇ ਐਂਟੀ ਹਾਈਜੈਕਿੰਗ ਐਕਟ ਤਹਿਤ ਇਹ ਪਹਿਲੀ ਤੇ ਅਨੋਖੀ ਸਜ਼ਾ ਹੈ। ਐੱਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਕੇ ਐੱਮ ਦਵੇ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਦੋਸ਼ੀ ਉੱਦਮੀ ਤੋਂ ਵਸੂਲੀ ਜਾਣ ਵਾਲੀ ਪੰਜ ਕਰੋੜ ਦੀ ਰਕਮ ਉਸ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਤੇ ਯਾਤਰੀਆਂ ਵਿਚ ਵੰਡ ਦਿੱਤੀ ਜਾਵੇ ਜਿਨ੍ਹਾਂ ਨੇ ਜਹਾਜ਼ ਅਗਵਾ ਹੋਣ ਦਾ ਡਰ ਸਹਿਣ ਕੀਤਾ ਸੀ। ਇਸ ਰਾਸ਼ੀ ਵਿਚੋਂ ਪਾਇਲਟਾਂ ਨੂੰ ਇਕ ਇਕ ਲੱਖ, ਏਅਰ ਹੋਸਟੈੱਸ ਨੂੰ 50-50 ਹਜ਼ਾਰ ਤੇ ਯਾਤਰੀਆਂ  ਨੂੰ 25-25 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਬਿਰਜੂ ਸੱਲਾ ਦੀ ਪ੍ਰੇਮਿਕਾ ਜੈੱਟ ਏਅਰਵੇਜ਼ ਦੇ ਦਿੱਲੀ ਦਫ਼ਤਰ ਵਿਚ ਕੰਮ ਕਰਦੀ ਸੀ। 30 ਅਕਤੂਬਰ, 2017 ਨੂੰ ਬਿਰਜੂ ਨੇ ਮੁੰਬਈ-ਦਿੱਲੀ ਜੈੱਟ ਏਅਰਵੇਜ਼ ਦੀ ਫਲਾਈਟ ਨੰਬਰ 9ਡਬਲਿਊ339 ਦੇ ਬਿਜ਼ਨਸ ਕਲਾਸ ਦੇ ਟਾਇਲਟ ਵਿਚ ਟਿਸ਼ੂ ਪੇਪਰ 'ਤੇ ਅੰਗਰੇਜ਼ੀ ਤੇ ਉਰਦੂ ਵਿਚ ਇਕ ਧਮਕੀ ਭਰਿਆ ਪੱਤਰ ਲਿਖ ਕੇ ਰੱਖ ਦਿੱਤਾ ਸੀ। ਇਸ ਵਿਚ ਜਹਾਜ਼ ਨੂੰ ਮਕਬੂਜ਼ਾ ਕਸ਼ਮੀਰ ਲਿਜਾਣ ਦੀ ਧਮਕੀ ਤੋਂ ਬਾਅਦ ਅਖ਼ੀਰ ਵਿਚ 'ਅੱਲ੍ਹਾ ਮਹਾਨ ਹੈ' ਲਿਖਿਆ ਸੀ। ਇਸ ਤੋਂ ਬਾਅਦ ਜਹਾਜ਼ ਦੀ ਅਹਿਮਦਾਬਾਦ ਵਿਚ ਐਮਰਜੈਂਸੀ ਲੈਂਡਿੰਗ ਹੋਈ ਸੀ। ਬਿਰਜੂ ਨੂੰ ਇਸ ਮਾਮਲੇ 'ਚ ਤੁਰੰਤ ਹੀ ਗਿMਫ਼ਤਾਰ ਕਰ ਲਿਆ ਗਿਆ ਸੀ। ਉਸ ਨੇ ਆਪਣਾ ਅਪਰਾਧ ਵੀ ਸਵੀਕਾਰ ਕਰ ਲਿਆ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਇਹ ਧਮਕੀ ਇਸ ਲਈ ਦਿੱਤੀ ਸੀ ਤਾਕਿ ਦਿੱਲੀ ਦਫ਼ਤਰ ਦਾ ਆਪਰੇਸ਼ਨ ਬੰਦ ਹੋ ਜਾਵੇ ਤੇ ਉਸ ਦੀ ਪ੍ਰੇਮਿਕਾ ਮੁੰਬਈ ਪਰਤ ਆਵੇ। ਐੱਨਆਈਏ ਨੇ ਪਿਛਲੇ ਸਾਲ ਜਨਵਰੀ ਵਿਚ ਉਸ ਖ਼ਿਲਾਫ ਐਂਟੀ ਹਾਈਜੈਕਿੰਗ ਐਕਟ, 2016 ਦੀ ਧਾਰਾ 3 (1), 3(2)(ਏ) ਤੇ 4(ਬੀ) ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਇਸ ਕਾਨੂੰਨ ਦੇ ਅਮਲ ਵਿਚ ਆਉਣ ਮਗਰੋਂ ਇਹ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਿਰਜੂ ਸੱਲਾ 'ਨੈਸ਼ਨਲ ਨੋ ਫਲਾਈ ਲਿਸਟ' ਵਿਚ ਸ਼ਾਮਲ ਹੋਣ ਵਾਲਾ ਵੀ ਪਹਿਲਾ ਵਿਅਕਤੀ ਸੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.