ਸੰਗਰੂਰ, 12 ਜੂਨ (ਵਿਸ਼ੇਸ਼ ਪ੍ਰਤੀਨਿਧ) : ਬੋਰਵੈਲ 'ਚ ਡਿੱਗਣ ਕਾਰਨ ਜਾਨ ਗਵਾਉਣ ਵਾਲੇ ਮਾਸੂਮ ਫ਼ਤਿਹਵੀਰ ਸਿੰਘ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੁੱਜ ਗਿਆ ਹੈ। ਇਕ ਜਨਹਿਤ ਪਟੀਸ਼ਨ ਰਾਹੀਂ ਪੰਜਾਬ ਸਰਕਾਰ ਅਤੇ ਸੰਗਰੂਰ ਦੇ ਡੀ.ਸੀ. 'ਤੇ ਸੁਪਰੀਮ ਕੋਰਟ ਵੱਲੋਂ 2010 ਵਿਚ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲਾਏ ਗਏ ਹਨ। ਹਾਈ ਕੋਰਟ ਵੱਲੋਂ ਜਨਹਿਤ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਪਟੀਸ਼ਨ ਵਿਚ ਦਲੀਲ ਦਿਤੀ ਗਈ ਹੈ ਕਿ ਸੁਪਰੀਮ ਕੋਰਟ ਨੇ ਫ਼ਰਵਰੀ 2010 ਵਿਚ ਦੇਸ਼ ਭਰ ਦੇ ਜ਼ਿਲ•ਾ ਕੁਲੈਕਟਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਹਦਾਇਤਾਂ ਦਿਤੀਆਂ ਸਨ ਕਿ ਬੇਕਾਰ ਹੋ ਚੁੱਕੇ ਬੋਰਵੈਲਜ਼ ਨੂੰ ਪੁਖਤਾ ਤਰੀਕੇ ਨਾਲ ਢਕਣ ਦੇ ਬੰਦੋਬਸਤ ਕੀਤੇ ਜਾਣ ਪਰ ਇਨ•ਾਂ ਹਦਾਇਤਾਂ ਦੇ ਬਾਵਜੂਦ ਇਕੱਲੇ ਪੰਜਾਬ ਅਤੇ ਹਰਿਆਣਾ ਵਿਚ 5 ਬੱਚੇ ਬੋਰਵੈਲ 'ਚ ਡਿੱਗਣ ਦੇ ਮਾਮਲੇ ਸਾਹਮਣੇ ਆਏ ਅਤੇ ਇਨ•ਾਂ ਵਿਚੋਂ ਤਿੰਨ ਬੱਚਿਆਂ ਦੀ ਮੌਤ ਹੋ ਗਈ। ਫ਼ਤਿਹਵੀਰ ਸਿੰਘ ਦੇ ਮਾਮਲੇ ਨੂੰ ਵੀ ਇਨ•ਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੂਨ 2010 ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਧੀਰਾ ਵਿਚ ਤਿੰਨ ਸਾਲ ਦੀ ਦਿਨਾਜ ਕੌਰ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ ਜੋ 180 ਫੁੱਟ ਡੂੰਘੇ ਬੋਰਵੈਲ ਵਿਚ ਡਿੱਗਣ ਕਾਰਨ ਮੌਤ ਦੇ ਮੂੰਹ ਵਿਚ ਚਲੀ ਗਈ ਸੀ। ਦੂਜੇ ਪਾਸੇ ਫ਼ਤਿਹਵੀਰ ਨੂੰ ਬਾਹਰ ਕੱਢਣ ਵਿਚ ਪ੍ਰਸ਼ਾਸਨਿਕ ਲਾਪ੍ਰਵਾਹੀ ਵਿਰੁੱਧ ਰੋਸ ਪ੍ਰਗਟਾਉਣ ਲਈ ਅੱਜ ਸੰਗਰੂਰ ਮੁਕੰਮਲ ਤੌਰ 'ਤੇ ਬੰਦ ਰਿਹਾ ਅਤੇ ਲੋਕਾਂ ਨੇ ਕਈ ਥਾਈਂ ਸਰਕਾਰ ਵਿਰੁੱਧ ਰੋਸ ਵਿਖਾਵੇ ਕੀਤੇ। ਵਿਖਾਵਾਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਕੋਈ ਫ਼ਿਕਰ ਨਹੀਂ। ਵਿਖਾਵਾਕਾਰੀਆਂ ਲੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ।

ਹੋਰ ਖਬਰਾਂ »