6ਵੇਂ ਮੈਚ ਵਿਚ ਵਾਰੀਅਰਜ਼ ਨੂੰ 114-110 ਨਾਲ ਹਰਾਇਆ

ਕੈਲੇਫ਼ੋਰਨੀਆ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਰੈਪਟਰਜ਼ ਨੇ ਪਹਿਲੀ ਵਾਰ ਐਨ.ਬੀ.ਏ. ਖਿਤਾਬ ਆਪਣੇ ਨਾਂ ਕਰਦਿਆਂ ਇਤਿਹਾਸ ਸਿਰਜ ਦਿਤਾ। ਬੈਸਟ ਆਫ਼ ਸੈਵਨ ਫ਼ਾਇਨਲਜ਼ ਦੇ 6ਵੇਂ ਮੈਚ ਵਿਚ ਰੈਪਟਰਜ਼ ਨੇ ਗੋਲਡਨ ਸਟੇਟ ਵਾਰੀਅਰਜ਼ ਨੂੰ 114 ਦੇ ਮੁਕਾਬਲੇ 110 ਅੰਕਾਂ ਨਾਲ ਹਰਾ ਦਿਤਾ। ਐਨ.ਬੀ.ਏ. ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਅਮਰੀਕਾ ਤੋਂ ਬਾਹਰਲੀ ਟੀਮ ਖਿਤਾਬ 'ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ। ਕਾਵੀ ਲਿਓਨਾਰਡ ਨੂੰ ਫ਼ਾਇਨਲਜ਼ ਦੇ ਮੋਸਟ ਵੈਲਿਊਏਬਲ ਪਲੇਅਰ ਐਵਾਰਡ ਨਾਲ ਨਿਵਾਜਿਆ ਗਿਆ। ਰੈਪਟਰਜ਼ ਦੇ ਕਾਇਲ ਲੌਰੀ ਅਤੇ ਪਾਸਕਲ ਸਿਆਕਾਮ ਨੇ ਵੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤੀ ਅਤੇ ਆਪਣੀ ਟੀਮ ਲਈ 26-26 ਅੰਕਾਂ ਦਾ ਯੋਗਦਾਨ ਪਾਇਆ। ਟੋਰਾਂਟੋ ਵਿਖੇ ਪੰਜਵੇਂ ਮੈਚ ਵਿਚ ਜੇਤੂ ਰਹੇ ਗੋਲਡਨ ਸਟੇਟ ਵਾਰੀਅਰਜ਼ ਵਾਸਤੇ ਇਹ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲਾ ਸੀ ਜੋ ਲਗਾਤਾਰ ਤੀਜੀ ਵਾਰ ਐਨ.ਬੀ.ਏ. ਖਿਤਾਬ ਆਪਣੇ ਨਾਂ ਕਰਨ ਲਈ ਭਿੜ ਰਹੇ ਸਨ। ਵਾਰੀਅਰਜ਼ ਨੂੰ ਉਸ ਵੇਲੇ ਵੱਡ ਝਟਕਾ ਲੱਗਿਆ ਜਦੋਂ ਕਲੇਅ ਥੌਂਪਸਨ ਜ਼ਖ਼ਮੀ ਹੋ ਗਿਆ ਅਤੇ ਮੈਚ ਵਿਚਾਲੇ ਛੱਡਣਾ ਪਿਆ। ਇਸ ਤੋਂ ਪਹਿਲਾਂ ਪੰਜਵੇਂ ਮੈਚ ਵਿਚ ਕੈਵਿਨ ਡੂਰੈਂਟ ਵੀ ਜ਼ਖ਼ਮੀ ਹੋ ਗਿਆ ਸੀ ਜੋ ਛੇਵੇਂ ਮੈਚ ਵਿਚ ਖੇਡ ਨਾ ਸਕਿਆ। ਮੈਚ ਦੇ ਪਹਿਲੇ ਅਤੇ ਦੂਜੇ ਕੁਆਰਟਰ ਵਿਚ ਟੋਰਾਂਟੋ ਰੈਪਟਰਜ਼ ਦਾ ਦਬਦਬਾ ਰਿਹਾ ਪਰ ਤੀਜੇ ਕੁਆਰਟਰ ਵਿਚ ਵਾਰੀਅਰਜ਼ ਨੇ ਜ਼ੋਰਦਾਰ ਵਾਪਸੀ ਕਰਦਿਆਂ ਲੀਡ ਹਾਸਲ ਕਰ ਲਈ ਅਤੇ ਰੈਪਟਰਜ਼ ਦੇ ਪ੍ਰਸ਼ੰਸਕਾਂ ਦੀਆਂ ਧੜਕਣਾਂ ਰੁਕ ਗਈਆਂ। 

ਹੋਰ ਖਬਰਾਂ »

ਹਮਦਰਦ ਟੀ.ਵੀ.