ਮੌਂਟਰੀਅਲ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਕਿਊਬਿਕ ਵਿਚ ਸੱਤਾਧਾਰੀ ਕੋਲੀਸ਼ਨ ਐਵੇਨੀਅਰ ਦੀ ਸਰਕਾਰ ਨੇ ਇੰਮੀਗ੍ਰੇਸ਼ਨ ਟੀਚਿਆਂ ਵਿਚ ਕਟੌਤੀ ਅਤੇ ਕੰਮ ਵਾਲੇ ਸਥਾਨ 'ਤੇ ਧਾਰਮਿਕ ਚਿੰਨ• ਧਾਰਨ ਕਰਨ ਉਪਰ ਪਾਬੰਦੀ ਲਾਉਂਦੇ ਬਿਲ, ਬਹਿਸ ਮੁਕੰਮਲ ਹੋਣ ਤੋਂ ਪਹਿਲਾਂ ਹੀ ਪਾਸ ਕਰਨ ਦਾ ਮਨ ਬਣਾ ਲਿਆ ਹੈ। ਕੋਲੀਸ਼ਨ ਐਵੇਨੀਅਰ ਵੱਲੋਂ ਬਹਿਸ ਠੱਪ ਕਰਵਾਉਣ ਵਾਸਤੇ ਆਪਣੇ ਬਹੁਮਤ ਦੀ ਵਰਤੋਂ ਕੀਤੀ ਜਾਵੇਗੀ ਅਤੇ ਸ਼ਨਿੱਚਰਵਾਰ ਸਵੇਰੇ ਦਸਤਾਰ ਅਤੇ ਹਿਜਾਬ 'ਤੇ ਪਾਬੰਦੀ ਵਾਲੇ ਬਿਲ ਉਪਰ ਵੋਟਿੰਗ ਕਰਵਾਈ ਜਾਵੇਗੀ। ਰੇਡੀਓ ਕੈਨੇਡਾ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਸੁਧਾਰਾਂ ਬਾਰੇ ਬਿਲ 9 ਨੂੰ ਐਤਵਾਰ ਸਵੇਰੇ ਵੋਟਿੰਗ ਵਾਸਤੇ ਅਸੈਂਬਲੀ ਵਿਚ ਭੇਜਿਆ ਜਾਵੇਗਾ। ਕਿਊਬਿਕ ਦੇ ਪ੍ਰੀਮੀਅਰ ਲੀਗੋ ਫ਼ਰਾਂਸਵਾਂ ਪਿਛਲੇ ਕਈ ਮਹੀਨੇ ਦਾਅਵਾ ਕਰਦੇ ਆ ਰਹੇ ਹਨ ਕਿ ਦੋਹਾਂ ਬਿਲਾਂ ਨੂੰ ਗਰਮੀਆਂ ਤੋਂ ਪਹਿਲਾਂ ਪਾਸ ਕਰਵਾ ਲਿਆ ਜਾਵੇਗਾ ਪਰ ਸ਼ੁੱਕਰਵਾਰ ਨੂੰ ਅਸੈਂਬਲੀ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਜਿਸ ਦੇ ਮੱਦੇਨਜ਼ਰ ਸਰਕਾਰ ਨੇ ਬਹਿਸ ਨੂੰ ਵਿਚਾਲੇ ਠੱਪ ਕਰ ਕੇ ਬਿਲ ਪਾਸ ਕਰਵਾਉਣ ਦੀ ਠਾਣ ਲਈ। ਲੀਗੋ ਨੇ ਵਿਰੋਧੀ ਧਿਰ 'ਤੇ ਦੋਸ਼ ਲਾਇਆ ਕਿ ਉਹ ਜਾਣ-ਬੁੱਝ ਕੇ ਬਿਲਾਂ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੇਤੇ ਰਹੇ ਕਿ ਵੱਖ ਵੱਖ ਸਮੇਂ 'ਤੇ ਪੇਸ਼ ਕੀਤੇ ਗਏ ਦੋਹਾਂ ਬਿਲਾਂ ਕਾਰਨ ਸਰਕਾਰ ਨੂੰ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.