ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਸ਼ਹਿਰ ਨੇੜੇ ਵਾਪਰਿਆ ਹਾਦਸਾ

ਡੈਲਟਾ, 14 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਰਾਜਵਿੰਦਰ ਸਿੰਘ ਸਿੱਧੂ ਦੀ ਮੌਤ ਹੋ ਗਈ। ਡੈਲਟਾ ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਤਕਰੀਬਨ 9.45 ਵਜੇ ਡੈਲਟਾਪੋਰਟ ਵੇਅ ਦੇ 3500 ਬਲਾਕ ਵਿਚ ਦੋ ਸੈਮੀ-ਟਰੱਕਾਂ ਦਰਮਿਆਨ ਟੱਕਰ ਹੋਣ ਦੀ ਸੂਚਨਾ ਮਿਲੀ ਸੀ। ਹਾਦਸੇ ਮਗਰੋਂ ਇਕ ਟਰੱਕ ਵਿਚ ਅੱਗ ਲੱਗ ਗਈ ਅਤੇ ਸਮਝਿਆ ਜਾ ਰਿਹਾ ਕਿ ਰਾਜਵਿੰਦਰ ਸਿੱਧੂ ਇਸੇ ਟਰੱਕ ਵਿਚ ਸਵਾਰ ਸੀ। ਭਾਵੇਂ ਪੁਲਿਸ ਨੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ ਪਰ 'ਦਾ ਵੁਆਇਸ' ਦੀ ਰਿਪੋਰਟ ਵਿਚ ਗੁਰਪ੍ਰੀਤ ਸਿੰਘ ਸਹੋਤਾ ਨਾਮੀ ਸ਼ਖਸ ਵੱਲੋਂ ਅਪਲੋਡ ਫੇਸਬੁਕ ਪੋਸਟ ਵਿਚ ਮ੍ਰਿਤਕ ਨਾਂ ਰਾਜਵਿੰਦਰ ਸਿੰਘ ਅਤੇ ਉਮਰ 37 ਸਾਲ ਦੱਸੀ ਗਈ ਹੈ। ਫ਼ਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਡੈਲਟਾ ਪੁਲਿਸ ਦੀ ਟ੍ਰੈਫ਼ਿਕ ਇਕਾਈ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਇਕ ਟਰੱਕ ਡਰਾਈਵਰ ਦੇ ਮਾਮੂਲੀ ਤੌਰ 'ਤੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਡੈਲਟਾ ਪੁਲਿਸ ਦੇ ਬੁਲਾਰੇ ਕ੍ਰਿਸ ਲੇਅਕੌਫ਼ ਨੇ ਹਾਦਸੇ ਨੂੰ ਬੇਹੱਦ ਗੰਭੀਰ ਕਿਸਮ ਦਾ ਕਰਾਰ ਦਿਤਾ ਜਿਸ ਦੀ ਜਾਂਚ ਰਿਪੋਰਟ ਆਉਣ ਵਿਚ ਕੁਝ ਸਮਾਂ ਲੱਗੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.