ਪੀਲ ਪੁਲਿਸ ਨੂੰ ਗਵਾਹਾਂ ਦੀ ਭਾਲ

ਬਰੈਂਪਟਨ, 22 ਜੂਨ (ਵਿਸ਼ੇਸ਼ ਪ੍ਰਤੀਨਿਧ) : ਗੁਰਜੋਤ ਸਿੰਘ ਧਾਲੀਵਾਲ ਦੇ ਕਤਲ ਮਗਰੋਂ ਬਰੈਂਪਟਨ ਦੇ ਓਰੈਂਡਾ ਕੋਰਟ ਹਾਊਸਿੰਗ ਕੰਪਲੈਕਸ ਦੇ ਵਸਨੀਕ ਚਿੰਤਾ ਵਿਚ ਡੁੱਬੇ ਹੋਏ ਹਨ ਜਦਕਿ ਪੀਲ ਰੀਜਨਲ ਪੁਲਿਸ ਘਟਨਾ ਦੇ ਗਵਾਹਾਂ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ 18 ਜੂਨ ਦੀ ਰਾਤ ਓਰੈਂਡਾ ਕੋਰਟ ਦੇ ਇਕ ਹਾਊਸਿੰਗ ਕੰਪਲੈਕਸ ਦੇ ਪਿੱਛੇ ਗੁਰਜੋਤ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ ਅਤੇ ਹਾਲੇ ਤੱਕ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਆਖ਼ਰਕਾਰ ਇਹ ਸਭ ਕਿਉਂ ਅਤੇ ਕਿਵੇਂ ਹੋਇਆ। ਕੰਪਲੈਕਸ ਦੇ ਇਕ ਵਸਨੀਕ ਨੇ ਬਰੈਂਪਟਨ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵੀ ਇਹ ਗੱਲਾਂ ਸੁਣਨ ਵਿਚ ਆਈਆਂ ਸਨ ਕਿ ਇਲਾਕੇ ਦੇ ਕੁਝ ਅੱਲ•ੜਾਂ ਕੋਲ ਹਥਿਆਰ ਵੇਖੇ ਗਏ ਪਰ ਕਦੇ ਕੋਈ ਹਿੰਸਕ ਵਾਰਦਾਤ ਸਾਹਮਣੇ ਨਹੀਂ ਆਈ। ਇਕ ਹੋਰ ਵਸਨੀਕ ਨੇ ਆਖਿਆ ਕਿ ਕਤਲ ਦੀ ਵਾਰਦਾਤ ਮਗਰੋਂ ਉਹ ਆਪਣੇ ਛੋਟੇ-ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹੈ। ਉਧਰ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕੀਤਾ ਕਿ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਗੁਰਜੋਤ ਧਾਲੀਵਾਲ ਦੀ ਲਾਸ਼ ਭਾਰਤ ਲਿਆਉਣ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰਤ 905-453-2121 'ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1-800-222-8477 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »