ਟੈਲੀਵਿਜ਼ਨ ਪੱਤਰਕਾਰ ਨੇ ਅਦਾਲਤ 'ਚ ਦਾਖ਼ਲ ਕੀਤੀ ਸ਼ਿਕਾਇਤ

ਮੁੰਬਈ, 26 ਜੂਨ (ਵਿਸ਼ੇਸ਼ ਪ੍ਰਤੀਨਿਧ) : ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਵਰਗੇ ਮਾਮਲਿਆਂ ਕਾਰਨ ਵਿਵਾਦਾਂ ਵਿਚ ਰਹਿ ਚੁੱਕੇ ਫ਼ਿਲਮ ਅਦਾਕਾਰ ਸਲਮਾਨ ਖ਼ਾਨ 'ਤੇ ਹੁਣ ਲੁੱਟ-ਖੋਹ ਕਰਨ ਦੇ ਦੋਸ਼ ਲੱਗ ਰਹੇ ਹਨ। ਇਕ ਟੈਲੀਵਿਜ਼ਨ ਪੱਤਰਕਾਰ ਨੇ ਸਲਮਾਨ ਖ਼ਾਨ ਅਤੇ ਉਸ ਦੇ ਬੌਡੀ ਗਾਰਡਜ਼ ਵਿਰੁੱਧ ਐਫ਼.ਆਈ. ਆਰ. ਦਰਜ ਕਰਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਪੱਤਰਕਾਰ ਦਾ ਦੋਸ਼ ਹੈ ਕਿ ਜਦੋਂ ਉਸ ਨੇ ਸਾਈਕਲ ਚਲਾ ਰਹੇ ਸਲਮਾਨ ਦੀ ਵੀਡੀਉ ਬਣਾਉਣ ਦੀ ਕੋਸ਼ਿਸ਼ ਤਾਂ ਫ਼ਿਲਮ ਅਦਾਕਾਰ ਅਤੇ ਉਸ ਦੇ ਬੌਡੀਗਾਰਡਜ਼ ਨੇ ਕੁੱਟਮਾਰ ਕੀਤੀ ਅਤੇ ਮੋਬਾਈਲ ਵੀ ਖੋਹ ਕੇ ਲੈ ਗਏ। ਐਡੀਸ਼ਨਲ ਚੀਫ਼ ਮੈਟਰੋਪਾਲੀਟਨ ਮੈਜਿਸਟ੍ਰੇਟ ਆਰ.ਆਰ. ਖ਼ਾਨ ਦੀ ਅਦਾਲਤ ਵਿਚ ਨਿਜੀ ਸ਼ਿਕਾਇਤ ਦਾਇਰ ਕਰਦਿਆਂ ਪੱਤਰਕਾਰ ਅਸ਼ੋਕ ਪਾਂਡੇ ਨੇ ਆਈ.ਪੀ.ਸੀ ਦੀ ਧਾਰਾ 323, 392 ਅਤੇ 506 ਅਧੀਨ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਮੁਤਾਬਕ ਇਹ ਘਟਨਾ 24 ਅਪ੍ਰੈਲ ਨੂੰ ਵਾਪਰੀ ਜਦੋਂ ਸਲਮਾਨ ਖ਼ਾਨ ਸਾਈਕਲ ਚਲਾ ਰਿਹਾ ਸੀ ਅਤੇ ਉਸ ਦੇ ਦੋ ਬੌਡੀਗਾਰਡ ਵੀ ਨਾਲ ਜਾ ਰਹੇ ਸਨ। ਪਾਂਡੇ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਉਸ ਦੀ ਨਜ਼ਰ ਸਲਮਾਨ ਖ਼ਾਨ 'ਤੇ ਪਈ। ਪਾਂਡੇ ਮੁਤਾਬਕ ਉਸ ਨੇ ਸਲਮਾਨ ਦੇ ਬੌਡੀ ਗਾਰਡਜ਼ ਤੋਂ ਇਜਾਜ਼ਤ ਲੈ ਕੇ ਵੀਡੀਉ ਬਣਾਉਣੀ ਸ਼ੁਰੂ ਕਰ ਦਿਤੀ ਪਰ ਸਲਮਾਨ ਖ਼ਾਨ ਭੜਕ ਗਿਆ। ਉਹ ਆਪਣੇ ਅੰਗ ਰੱਖਿਅਕਾਂ ਨਾਲ ਆਇਆ ਅਤੇ ਅਸ਼ੋਕ ਪਾਂਡੇ ਦੀ ਕੁੱਟਮਾਰ ਕਰਨ ਲੱਗਾ। ਜਾਂਦਾ-ਜਾਂਦਾ ਸਲਮਾਨ ਖ਼ਾਨ ਅਸ਼ੋਕ ਪਾਂਡੇ ਦਾ ਮੋਬਾਈਲ ਖੋਹ ਕੇ ਲੈ ਗਿਆ। ਅਸ਼ੋਕ ਪਾਂਡੇ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਪਰ ਉਸ ਦੀ ਕਿਸੇ ਨੇ ਨਾ ਸੁਣੀ ਅਤੇ ਆਖ਼ਰਕਾਰ ਉਸ ਨੂੰ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.