ਟੋਰਾਂਟੋ ਪੁਲਿਸ ਦਾ ਅਫ਼ਸਰ ਜ਼ਖ਼ਮੀ

ਟੋਰਾਂਟੋ, 26 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਕਾਰਬ੍ਰੋਅ ਵਿਖੇ ਪੁਲਿਸ ਵੱਲੋਂ ਇਕ ਗੱਡੀ 'ਤੇ ਗੋਲੀ ਚਲਾਉਣ ਦੀ ਵਾਰਦਾਤ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਟੋਰਾਂਟੋ ਪੁਲਿਸ ਦਾ ਅਫ਼ਸਰ ਜ਼ਖ਼ਮੀ ਹੋ ਗਿਆ। ਇਹ ਘਟਨਾ ਮਿਡਲੈਂਡ ਐਵੇਨਿਊ ਅਤੇ ਮਿਡਵੈਸਟ ਰੋਡ 'ਤੇ ਮੰਗਲਵਾਰ ਦੇਰ ਸ਼ਾਮ 8 ਵਜੇ ਦੇ ਕਰੀਬ ਵਾਪਰੀ। ਉਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੀ ਤਰਜਮਾਨ ਮੌਨਿਕਾ ਹੁਡਨ ਨੇ ਦੱਸਿਆ ਕਿ ਟੋਰਾਂਟੋ ਪੁਲਿਸ ਦੀ ਗਿਰੋਹ ਵਿਰੋਧੀ ਇਕਾਈ ਵੱਲੋਂ ਇਕ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਡਰਾਈਵਰ ਨੇ ਅੱਗੇ ਵਧਣਾ ਜਾਰੀ ਰੱਖਿਆ ਅਤੇ ਇਕ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਦਿਤੀ। ਇਸ ਮਗਰੋਂ ਇਕ ਹੋਰ ਪੁਲਿਸ ਅਫ਼ਸਰ ਨੇ ਗੱਡੀ 'ਤੇ ਗੋਲੀਆਂ ਚਲਾ ਦਿਤੀਆਂ। ਸੀ.ਪੀ. 24 ਵੱਲੋਂ ਪ੍ਰਸਾਰਤ ਵੀਡੀਉ ਵਿਚ ਵੇਖਿਆ ਜਾ ਸਕਦਾ ਹੈ ਕਿ ਬੰਦੂਕਧਾਰੀ ਅਫ਼ਸਰਾਂ ਨੇ ਇਕ ਸਫ਼ੈਦ ਰੰਗ ਦੀ ਮਰਸਡੀਜ਼ ਘੇਰੀ ਹੋਈ ਹੈ। ਵੀਡੀਉ ਵਿਚ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ ਅਤੇ ਇਕ ਪੁਲਿਸ ਅਫ਼ਸਰ ਗੱਡੀ ਤੋਂ ਦੂਰ ਜਾਂਦਾ ਨਜ਼ਰ ਆਉਂਦਾ ਹੈ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਗੱਡੀ ਵਿਚ ਸਵਾਰ ਸ਼ਖਸ ਦੀ ਮੌਕੇ 'ਤੇ ਮੌਤ ਹੋਣ ਦੀ ਪੁਸ਼ਟੀ ਕਰ ਦਿਤੀ ਪਰ ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ। ਮੌਨਿਕਾ ਹੁਡਨ ਨੇ ਕਿਹਾ ਕਿ ਜਾਂਚਕਰਤਾਵਾਂ ਵੱਲੋਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂਕਿ ਘਟਨਾ ਉਪਰ ਹੋਰ ਚਾਨਣਾ ਪੈ ਸਕੇ। ਗੋਲੀਬਾਰੀ ਮਗਰੋਂ ਮਿਡਲੈਂਡ ਐਵੇਨਿਊ ਅਤੇ ਮਿਡਵੈਸਟ ਰੋਡ ਨੂੰ ਜਾਂਚ ਪ੍ਰਕਿਰਿਆ ਲਈ ਬੰਦ ਕਰ ਦਿਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.