ਲਾਸ ਏਂਜਲਸ, 26 ਜੂਨ (ਵਿਸ਼ੇਸ਼ ਪ੍ਰਤੀਨਿਧ) : ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੁੰਦੇ 2 ਲੱਖ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਮਾਰਚ ਅਤੇ ਅਪ੍ਰੈਲ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਅਮਰੀਕਾ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰਵਾਸੀਆਂ ਲਈ ਸਿੱਧੀ ਚਿਤਾਵਨੀ ਮੰਨਿਆ ਜਾ ਰਿਹਾ ਹੈ ਕਿ ਉਹ ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾ ਕਰਨ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਦੱਸਿਆ ਕਿ 98,977 ਪ੍ਰਵਾਸੀਆਂ ਨੂੰ ਅਪ੍ਰੈਲ ਵਿਚ ਕਾਬੂ ਕੀਤਾ ਗਿਆ ਜਦਕਿ ਮਾਰਚ ਦੌਰਾਨ 92,831 ਪ੍ਰਵਾਸੀ ਹਿਰਾਸਤ ਵਿਚ ਲਏ ਗਏ। ਇਸ ਤੋਂ ਇਲਾਵਾ 21 ਹਜ਼ਾਰ ਲੋਕਾਂ ਨੇ ਕੌਮਾਂਤਰੀ ਲਾਂਘਿਆਂ 'ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿਤਾ। ਹਿਰਾਸਤ ਵਿਚ ਲਏ ਪ੍ਰਵਾਸੀਆਂ ਵਿਚੋਂ 9 ਫ਼ੀ ਸਦੀ ਨਾਬਾਲਗ ਸਨ ਜਿਨ•ਾਂ ਨਾਲ ਮਾਤਾ-ਪਿਤਾ ਜਾਂ ਕੋਈ ਹੋਰ ਰਿਸ਼ਤੇਦਾਰ ਮੌਜੂਦ ਨਹੀਂ ਸੀ। 58 ਫ਼ੀ ਸਦੀ ਪ੍ਰਵਾਸੀ, ਪਰਵਾਰ ਦੇ ਰੂਪ ਵਿਚ ਅਮਰੀਕੀ ਸਰਹੱਦ ਪਾਰ ਕਰਨ ਵੇਲੇ ਫੜੇ ਗਏ ਜਦਕਿ 32 ਫ਼ੀ ਸਦੀ ਪ੍ਰਵਾਸੀ ਇਕੱਲੇ ਤੌਰ 'ਤੇ ਸਰਹੱਦ ਪਾਰ ਕਰ ਰਹੇ ਸਨ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅੰਕੜੇ ਦਰਸਾਉਂਦੇ ਹਨ ਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦੇ ਮਾਮਲਿਆਂ ਵਿਚ 40 ਫ਼ੀ ਸਦੀ ਵਾਧਾ ਹੋਇਆ। 

ਹੋਰ ਖਬਰਾਂ »

ਹਮਦਰਦ ਟੀ.ਵੀ.