ਵਿੱਤ ਮੰਤਰੀ ਨੇ ਬਜਟ ਨੂੰ ਗਰੀਬ, ਕਿਸਾਨ ਅਤੇ ਪੇਂਡੂ ਇਲਾਕਿਆਂ 'ਤੇ ਕੇਂਦਰਤ ਦੱਸਿਆ

ਨਵੀਂ ਦਿੱਲੀ, 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਨਵੀਂ ਬਣੀ ਮੋਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਦਿਤੀਆਂ ਅਤੇ ਦੂਜੇ ਪਾਸੇ ਤਨਖਾਹਦਾਰਾਂ ਲਈ ਟੈਕਸ ਸਲੈਬ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2019-20 ਲਈ ਪੇਸ਼ ਬਜਟ ਨੂੰ ਗਰੀਬਾਂ, ਕਿਸਾਨਾਂ ਅਤੇ ਪੇਂਡੂ ਇਲਾਕਿਆਂ ਦੀ ਭਲਾਈ ਵੱਲ ਕੇਂਦਰਤ ਕਰਾਰ ਦਿਤਾ ਗਿਆ। ਐਨ.ਡੀ.ਏ. ਸਰਕਾਰ ਨੇ ਇਸ ਵਾਰ ਬਜਟ ਨੂੰ ਵਹੀ-ਖਾਤੇ ਦਾ ਨਾਂ ਦਿਤਾ ਜਿਸ ਵਿਚ ਮੱਧ ਵਰਗੀ ਪਰਵਾਰਾਂ ਨੂੰ ਖ਼ੁਸ਼ ਕਰਨ ਲਈ ਘੁਮਾਅ-ਫਿਰਾਅ ਕੇ ਕੁਝ ਟੈਕਸ ਰਿਆਇਤਾਂ ਦਿਤੀਆਂ ਗਈਆਂ ਹਨ। ਮਿਸਾਲ ਵਜੋਂ ਜੇ ਮੱਧ ਵਰਗੀ ਪਰਵਾਰਾਂ ਨੇ ਟੈਕਸ ਬਚਾਉਣਾ ਹੈ ਤਾਂ ਇਲੈਕਟ੍ਰਾਨਿਕ ਕਾਰਾ ਖ਼ਰੀਦਣੀਆਂ ਹੋਣਗੀਆਂ ਜਾਂ ਘਰ ਖਰੀਦਣਾ ਹੋਵੇਗਾ। ਬਜਟ ਤਜਵੀਜ਼ਾਂ ਮੁਤਾਬਕ ਇਲਾਕਟ੍ਰਾਨਿਕ ਕਾਰ ਖ਼ਰੀਦਣ 'ਤੇ ਇਨਕਮ ਟੈਕਸ ਵਿਚ ਡੇਢ ਲੱਖ ਦੀ ਵਾਧੂ ਛੋਟ ਮਿਲੇਗੀ। ਇਹ ਛੋਟ ਗੱਡੀ ਖਰੀਦਣ ਵਾਸਤੇ ਲਏ ਜਾਣ ਵਾਲੇ ਕਰਜ਼ੇ ਉਪਰ ਲੱਗਣ ਵਾਲੇ ਵਿਆਜ 'ਤੇ ਮਿਲੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਇਲੈਟ੍ਰਾਨਿਕ ਗੱਡੀਆਂ 'ਤੇ ਜੀ.ਐਸ.ਟੀ. ਦੀ ਦਰ ਵਿਚ ਵੀ ਕਟੌਤੀ ਹੋਵੇਗੀ। ਇਸੇ ਤਰ•ਾਂ ਜੇ ਕੋਈ ਸ਼ਖਸ 45 ਲੱਖ ਰੁਪਏ ਤੱਕ ਦੀ ਕੀਮਤ ਵਾਲਾ ਘਰ ਖਰੀਦਦਾ ਹੈ ਤਾਂ ਉਸ ਨੂੰ ਇਨਕਮ ਟੈਕਸ ਵਿਚ 1.5 ਲੱਖ ਦੀ ਵਾਧੂ ਛੋਟ ਮਿਲੇਗੀ। ਭਾਵ 3.50 ਲੱਖ ਰੁਪਏ ਤੱਕ ਦੇ ਵਿਆਜ 'ਤੇ ਕੋਈ ਟੈਕਸ ਨਹੀਂ ਲੱਗੇਗਾ ਪਰ ਇਹ ਛੋਟ 31 ਮਾਰਚ 2020 ਤੱਕ ਖਰੀਦੇ ਜਾਣ ਵਾਲੇ ਮਕਾਨਾਂ 'ਤੇ ਹੀ ਮਿਲੇਗੀ। ਦੱਸ ਦੇਈਏ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਬਜਟ ਪੇਸ਼ ਕਰਨ ਵਾਲੀ ਨਿਰਮਲਾ ਸੀਤਾਰਮਨ ਦੂਜੀ ਮਹਿਲਾ ਬਣ ਗਈ।

ਹੋਰ ਖਬਰਾਂ »