ਸਭ ਤੋਂ ਵੱਧ ਮੌਤਾਂ ਲੈਟਿਨ ਅਮਰੀਕਾ ਵਿਚ ਹੋਈਆਂ

ਜਿਨੇਵਾ, 7 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 20 ਮੁਲਕਾਂ ਵਿਚ 38 ਪੱਤਰਕਾਰਾਂ ਦਾ ਕਤਲ ਕਰ ਦਿਤਾ ਗਿਆ ਅਤੇ ਸਭ ਤੋਂ ਜ਼ਿਆਦਾ ਹੱਤਿਆਵਾਂ ਲੈਟਿਨ ਅਮਰੀਕਾ ਦੇ ਮੁਲਕਾਂ ਵਿਚ ਵਾਪਰੀਆਂ। ਜਿਨੇਵਾ ਸਥਿਤ ਪ੍ਰੈਸ ਐਂਬਲਮ ਕੈਂਪੇਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪੱਤਰਕਾਰਾਂ ਦੇ ਕਤਲ ਦੀਆਂ ਵਾਰਦਾਤਾਂ ਵਿਚ 42 ਫ਼ੀ ਸਦੀ ਕਮੀ ਆਈ ਹੈ। ਇਕੱਲੇ ਮੈਕਸੀਕੋ ਅਤੇ ਅਫ਼ਗਾਨਿਸਤਾਨ ਵਿਚ 14 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। ਰਿਪੋਰਟ ਵਿਚ ਕੌਮਾਂਤਰੀ ਭਾਈਚਾਰੇ ਨੂੰ ਇਕ ਖ਼ੁਦਮੁਖ਼ਤਿਆਰ ਸੰਸਥਾ ਸਥਾਪਤ ਕਰਨ ਦਾ ਸੱਦਾ ਦਿਤਾ ਗਿਆ ਹੈ ਤਾਂਕਿ ਪੱਤਰਕਾਰਾਂ ਉਪਰ ਹੁੰਦੇ ਹਮਲਿਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨ•ਾਂ ਕਿਹਾ ਕਿ ਲੈਟਿਨ ਅਮਰੀਕਾ ਦੇ ਮੁਲਕਾਂ ਵਿਚ 15 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਜਦਕਿ ਸੀਰੀਆ ਅਤੇ ਇਰਾਕ ਵਿਚ ਪੱਤਰਕਾਰਾਂ ਉਪਰ ਹਮਲੇ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ। ਪ੍ਰੈਸ ਐਂਬਲਮ ਕੈਂਪੇਨ ਨੇ ਦੁਨੀਆਂ ਦੇ ਹਰ ਮੁਲਕ ਦੀ ਸਰਕਾਰ ਅਤੇ ਸਿਵਲ ਸੋਸਾਇਟੀਆਂ ਨੂੰ ਪੱਤਰਕਾਰਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਕੰਮ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਹੈ। ਦੱਸ ਦੇਈਏ ਕਿ 2004 ਵਿਚ ਸਥਾਪਤ ਕੀਤੀ ਗਈ ਪ੍ਰੈਸ ਐਂਬਲਮ ਕੈਂਪੇਨ ਇਕ ਗ਼ੈਰਸਰਕਾਰੀ ਜਥੇਬੰਦੀ ਹੈ ਅਤੇ ਇਸ ਦਾ ਟੀਚਾ ਖ਼ਤਰਨਾਕ ਖੇਤਰਾਂ ਵਿਚ ਕੰਮ ਕਰ ਰਹੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਕਾਨੂੰਨੀ ਹਿਫ਼ਾਜ਼ਤ ਯਕੀਨੀ ਬਣਾਉਣਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.