ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਤ

ਲਖਨਊ, 8 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਉੱਤਰ ਪ੍ਰਦੇਸ਼ ਵਿਚ ਇਕ ਬੱਸ ਦੇ ਨਾਲੇ ਵਿਚ ਡਿੱਗਣ ਕਾਰਨ 29 ਮੁਸਾਫ਼ਰਾਂ ਦੀ ਮੌਤ ਹੋ ਗਈ ਜਦਕਿ 17 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਯਮੁਨਾ-ਐਕਸਪ੍ਰੈਸ ਵੇਅ 'ਤੇ ਸੋਮਵਾਰ ਸਵੇਰੇ ਸਾਢੇ ਚਾਰ ਵਜੇ ਆਗਰਾ ਤੋਂ 9 ਕਿਲੋਮੀਟਰ ਦੂਰ ਐਤਮਾਦਪੁਰ ਕਸਬੇ ਨੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਯੂ.ਪੀ. ਰੋਡਵੇਜ਼ ਦੀ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ ਜਦੋਂ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਅਤੇ ਬੱਸ ਬੇਕਾਬੂ ਹੋ ਕੇ ਨਾਲੇ ਵਿਚ ਜਾ ਡਿੱਗੀ। ਆਗਰਾ ਦੇ ਜ਼ਿਲ•ਾ ਮੈਜਿਸਟ੍ਰੇਟ ਐਨ.ਜੀ. ਰਵੀ ਕੁਮਾਰ ਨੇ ਦੱਸਿਆ ਕਿ ਅਵਧ ਡਿੱਪੂ ਦੀ ਬੱਸ ਵਿਚ 44 ਮੁਸਾਫ਼ਰ ਸਵਾਰ ਸਨ ਜੋ ਪੁਲ ਦੀ ਰੇਲਿੰਗ ਤੋੜਦੀ ਹੋਈ 50 ਫੁੱਟ ਹੇਠਾਂ ਨਾਲੇ ਵਿਚ ਡਿੱਗ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰਾਹਤ ਟੀਮਾਂ ਮੌਕੇ 'ਤੇ ਪੁੱਜੀਆਂ ਅਤੇ ਜ਼ਖ਼ਮੀਆ ਨੂੰ ਆਗਰਾ ਦੇ ਵੱਖ ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਟ੍ਰਾਂਸਪੋਰਟ ਕਮਿਸ਼ਨਰ , ਡਵੀਜ਼ਨਲ ਕਮਿਸ਼ਨਰ ਅਤੇ ਇੰਸਪੈਕਟਰ ਜਨਰਲ ਦੀ ਅਗਵਾਈ ਹੇਠ ਇਕ ਕਮੇਟੀ ਗਠਤ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.