ਪੁਲਿਸ ਨੂੰ 5 ਹੋਰ ਸ਼ੱਕੀਆਂ ਦੀ ਤਲਾਸ਼

ਯੂਬਾ ਸਿਟੀ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਲੇਫ਼ੋਰਨੀਆ ਦੇ ਯੂਬਾ ਸਿਟੀ ਵਿਖੇ ਪਿਛਲੇ ਸਾਲ ਨਵੰਬਰ ਵਿਚ ਸਜਾਏ ਗਏ ਨਗਰ ਕੀਰਤਨ ਦੌਰਾਨ ਇਕ ਸ਼ਖਸ 'ਤੇ ਕ੍ਰਿਪਾਨਾਂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ੌਕਸ ਨਿਊਜ਼ ਦੀ ਰਿਪੋਰਟ ਮੁਤਾਬਕ 36 ਸਾਲ ਦੇ ਮਨਪ੍ਰੀਤ ਸਿੰਘ ਅਤੇ 39 ਸਾਲ ਦੇ ਪਰਮਵੀਰ ਸਿੰਘ ਗੋਸਲ ਨੇ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿਤਾ ਜਿਨ•ਾਂ ਨੂੰ ਸਟਰ ਕਾਊਂਟੀ ਦੀ ਸੁਪੀਰੀਅਰ ਅਦਾਲਤ ਵਿਚ ਪੇਸ਼ ਕਰਦਿਆਂ ਇਰਾਦਾ ਕਤਲ, ਹੱਥੋਪਾਈ ਕਰਨ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ 29 ਸਾਲ ਦੇ ਹਿਰਦੇਪਾਲ ਸਿੰਘ ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਵਿਰੁੱਧ ਖ਼ਤਰਨਾਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ। ਯੂਬਾ ਸਿਟੀ ਪੁਲਿਸ ਨੇ ਮਾਮਲੇ ਦੀ ਪੜਤਾਲ ਦੌਰਾਨ 9 ਜਣਿਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ। ਪੁਲਿਸ ਮੁਤਾਬਕ ਨਗਰ ਕੀਰਤਨ ਦੌਰਾਨ ਨਿਸ਼ਾਨਾ ਬਣਾਇਆ ਗਿਆ ਸ਼ਖਸ ਇਕ ਮਾਮਲੇ ਦਾ ਗਵਾਹ ਸੀ ਅਤੇ ਹਮਲਾਵਰ ਚਾਹੁੰਦੇ ਸਨ ਕਿ ਉਹ ਗਵਾਹੀ ਤੋਂ ਮੁਕਰ ਜਾਵੇ। ਪੁਲਿਸ ਨੇ ਦੱਸਿਆ ਕਿ ਪਰਮਵੀਰ ਸਿੰਘ ਗੋਸਲ, ਪ੍ਰਿਤਪਾਲ ਸਿੰਘ ਗਿੱਲ, ਜਸਕਰਨ ਸਿੰਘ ਅਤੇ ਨਰਿੰਦਰ ਸਿੰਘ ਵਿਰੁੱਧ ਗਵਾਹ ਨੂੰ ਧਮਕਾਉਣ ਅਤੇ ਲੁੱਟ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਇਨ•ਾਂ ਤੋਂ ਇਲਾਵਾ ਪੁਲਿਸ ਵੱਲੋਂ 32 ਸਾਲ ਦੇ ਕਰਨਜੀਤ ਸਿੰਘ, ਸੁਰਿੰਦਰ ਸਿੰਘ ਕੈਲੇ, ਅਤੇ 50 ਸਾਲ ਦੇ ਮਲਕੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਯੂਬਾ ਸਿਟੀ ਪੁਲਿਸ ਨਾਲ 530-822-2028 'ਤੇ ਸੰਪਰਕ ਕੀਤਾ ਜਾਵੇ।

ਹੋਰ ਖਬਰਾਂ »