ਵਾਸ਼ਿੰਗਟਨ,  10 ਜੁਲਾਈ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਸਥਿਤ ਬਰਤਾਨਵੀ ਰਾਜਦੂਤ ਨਾਲ ਭਵਿੱਖ ਵਿਚ ਨਾਤਾ ਨਹੀਂ ਰੱਖਣਗੇ। ਟਰੰਪ ਦਾ ਇਹ ਬਿਆਨ ਡਿਪਲੋਮੈਟਿਕ ਈਮੇਲਾਂ ਦੇ ਲੀਕ ਹੋਣ ਤੋਂ ਬਾਅਦ ਆਇਆ ਹੈ। ਟਰੰਪ ਨੇ ਬਰਤਾਨਵੀ ਰਾਜਦੂਤ ਕਿਮ ਡਾਰੋਕ ਬਾਰੇ ਟਵੀਟ ਕੀਤਾ ਕਿ ਮੈਂ ਇਸ ਰਾਜਦੂਤ ਨੂੰ ਨਹੀਂ ਜਾਣਦਾ ਪਰ ਅਮਰੀਕਾ ਵਿਚ ਉਨ੍ਹਾਂ ਨੂੰ ਕੋਈ ਪਸੰਦ ਨਹੀਂ ਕਰਦਾ। ਅਸੀਂ ਰਾਜਦੂਤ ਨਾਲ ਕੋਈ ਵੀ ਸਬੰਧ ਨਹੀਂ ਰੱਖਾਂਗੇ। ਟਰੰਪ ਨੇ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਰਵਾਨਗੀ ਦਾ ਵੀ ਸਵਾਗਤ ਕੀਤਾ। ਸੰਦੇਸ਼ਾਂ ਵਿਚ ਬਰਤਾਨਵੀ ਰਾਜਦੂਤ ਨੇ ਟਰੰਪ ਪ੍ਰਸ਼ਾਸਨ ਨੂੰ ਅਨਾੜੀ ਤੇ ਅਯੋਗ ਕਿਹਾ ਹੈ। ਜ਼ਾਹਰ ਹੈ ਕਿ ਰਾਜਦੂਤ ਦੀ ਇਸ ਸੋਚ ਨਾਲ ਅਮਰੀਕਾ ਤੇ ਬਰਤਾਨੀਆ ਦੇ ਖ਼ਾਸ ਰਿਸ਼ਤੇ ਪ੍ਰਭਾਵਿਤ ਹੋਏ ਹਨ। ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਆਪਣੇ ਰਾਜਦੂਤ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ ਪਰ ਉਨ੍ਹਾਂ ਦੀ ਸੋਚ ਨਾਲ ਅਸਹਿਮਤੀ ਪ੍ਰਗਟਾਈ ਹੈ। ਰਾਜਦੂਤ ਡੈਰੋਚ ਨੇ ਬਰਤਾਨੀਆ ਨੂੰ ਭੇਜੇ ਸੰਦੇਸ਼ਾਂ ਵਿਚ ਲਿਖਿਆ ਹੈ  ਕਿ  ਰਾਸ਼ਟਰਪਤੀ ਟਰੰਪ ਦਾ ਕਰੀਅਰ ਅਪਮਾਨਜਨਕ ਸਥਿਤੀ ਵਿਚ ਖਤਮ ਹੋ ਸਕਦਾ ਹੈ। ਵ੍ਹਾਈਟ ਹਾਊਸ ਦੇ ਅੰਦਰੂਨੀ ਵਿਵਾਦ ਆਪਸ ਵਿਚ ਛੁਰੇਬਾਜ਼ੀ ਹੋਣ ਦੀ ਹੱਦ ਤਕ ਜਾ ਪਹੁੰਚੇ ਹਨ। ਅਸੀਂ ਭਰੋਸਾ ਨਹੀਂ ਕਰ ਸਕਦੇ ਕਿ ਇਹ ਪ੍ਰਸ਼ਾਸਨ (ਟਰੰਪ ਪ੍ਰਸ਼ਾਸਨ) ਸਾਧਾਰਨ ਨਾਲੋਂ ਕੁਝ ਜ਼ਿਆਦਾ ਕਰ ਸਕੇਗਾ। ਕੂਟਨੀਤਕ ਮਾਮਲਿਆਂ ਵਿਚ ਇਹ ਪ੍ਰਸ਼ਾਸਨ ਅਨਾੜੀ ਹੈ। ਟਰੰਪ ਪ੍ਰਸ਼ਾਸਨ ਅਮਰੀਕਾ ਫਸਟ ਦੀ ਨੀਤੀ 'ਤੇ ਕੰਮ ਕਰ ਰਿਹਾ ਹੈ। ਇਹ ਗੁਪਤ ਈਮੇਲ ਸੰਦੇਸ਼ ਐਤਵਾਰ ਨੂੰ 'ਸੰਡੇ ਅਖ਼ਬਾਰ' ਵਿਚ ਪ੍ਰਕਾਸ਼ਤ ਹੋਏ ਹਨ। ਇਨ੍ਹਾਂ ਸੰਦੇਸ਼ਾਂ 'ਤੇ ਪੁੱਛੇ ਗਏ ਸਵਾਲਾਂ 'ਤੇ ਟਰੰਪ ਨੇ ਕਿਹਾ, ਉਨ੍ਹਾਂ ਨੇ ਸੰਦੇਸ਼ ਨਹੀਂ ਵੇਖੇ ਹਨ ਪਰ ਰਾਜਦੂਤ ਡੈਰੋਚ ਦੇ ਕਿਰਦਾਰ ਤੋਂ ਇਹ ਕਹਿ ਸਕਦੇ ਹਨ ਕਿ ਉਹ ਬਰਤਾਨੀਆ ਲਈ ਚੰਗਾ ਕੰਮ ਨਹੀਂ ਕਰ ਰਹੇ। ਅਸੀਂ ਅਜਿਹੇ ਆਦਮੀ ਨੂੰ ਚੰਗਾ ਨਹੀਂ ਮੰਨਦੇ। ਉਨ੍ਹਾਂ ਦੀਆਂ ਗੱਲਾਂ ਨਾਲ ਸਾਡੇ 'ਤੇ ਕੋਈ ਫਰਕ ਨਹੀਂ ਪੈਂਦਾ। ਜ਼ਿਕਰਯੋਗ ਹੈ ਕਿ ਟਰੰਪ ਨੇ ਰਾਸ਼ਟਰਪਤੀ ਦੇ ਤੌਰ 'ਤੇ ਜੂਨ ਵਿਚ ਬਰਤਾਨੀਆ ਦਾ ਦੂਜੀ ਵਾਰ ਦੌਰਾ ਕੀਤਾ ਸੀ। ਉਸ ਸਮੇਂ ਮਹਾਰਾਣੀ ਐਲੀਜ਼ਾਬੈੱਥ ਦੂਜੀ ਨੇਖਖ਼ੁਦ ਉਨ੍ਹਾਂ ਦੀ ਅਗਵਾਈ ਕੀਤੀ ਸੀ। ਏਧਰ ਲੰਡਨ ਵਿਚ ਪ੍ਰਧਾਨ ਮੰਤਰੀ ਥੈਰੇਸਾ ਦੇ ਤਰਜਮਾਨ ਨੇ ਕਿਹਾ ਕਿ ਰਾਜਦੂਤ ਦਾ ਕੰਮ ਇਮਾਨਦਾਰੀ ਨਾਲ ਬਿਨਾਂ ਲਾਗ ਲਪੇਟ ਦੇ ਸਬੰਧਤ ਸਰਕਾਰ ਬਾਰੇ ਆਪਣੀ ਰਾਏ ਪ੍ਰਗਟ ਕਰਨਾ ਹੁੰਦਾ ਹੈ ਪਰ ਥੈਰੇਸਾ ਸਰਕਾਰ ਡੈਰੋਚ ਦੇ ਵਿਸ਼ਲੇਸ਼ਣ ਨਾਲ ਸਹਿਮਤ ਨਹੀਂ ਹੈ। ਜਨਤਕ ਹੋਏ ਸੰਦੇਸ਼ ਨਾਮਨਜ਼ੂਰ ਹਨ। ਬਰਤਾਨੀਆ ਦੇ ਵਿਦੇਸ਼ ਮੰਤਰੀ ਜਰਮੀ ਹੰਟ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਬਾਰੇ ਰਾਜਦੂਤ ਦੀ ਇਹ ਨਿੱਜੀ ਸੋਚ ਹੈ, ਇਸ ਨਾਲ ਬਰਤਾਨੀਆ ਸਰਕਾਰ ਸਹਿਮਤ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.