ਕਾਰ ਨੂੰ 700 ਮੀਟਰ ਤੱਕ ਘੜੀਸਦਾ ਲੈ ਗਿਆ ਟਰੱਕ

ਬਰੈਂਪਟਨ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਹਾਈਵੇਅ 50 'ਤੇ ਇਕ ਟ੍ਰਾਂਸਪੋਰਟ ਟਰੱਕ ਅਤੇ ਕਾਰ ਦਰਮਿਆਨ ਹੋਈ ਟੱਕਰ ਵਿਚ ਇਕ ਜਣੇ ਦੀ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਟਰੱਕ, ਕਾਰ ਨੂੰ 700 ਮੀਟਰ ਤੱਕ ਘੜੀਸਦਾ ਲੈ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮੰਗਲਾਵਾਰ ਸਵੇਰੇ ਹੋਈ ਟੱਕਰ ਮਗਰੋਂ ਕਾਰ ਦਾ ਡਰਾਈਵਰ ਅੰਦਰ ਹੀ ਫਸ ਗਿਆ। ਪੈਰਾਮੈਡਿਕਸ ਅਤੇ ਪੁਲਿਸ ਅਫ਼ਸਰਾਂ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦਮ ਤੋੜ ਗਿਆ। ਟਰੱਕ ਦੇ ਡਰਾਈਵਰ ਨੂੰ ਹਾਦਸੇ ਦੌਰਾਨ ਕੋਈ ਸੱਟ ਨਹੀਂ ਲੱਗੀ। ਕਾਂਸਟੇਬਲ ਸਾਰਾਹ ਪੈਟਨ ਨੇ ਦੱਸਿਆ ਕਿ ਦੋਹਾਂ ਗੱਡੀਆਂ ਦੀ ਟੱਕਰ ਇਕ ਇੰਟਰਸੈਕਸ਼ਨ 'ਤੇ ਹੋਈ ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਟਰੱਕ, ਕਾਰ ਨੂੰ 700 ਮੀਟਰ ਤੱਕ ਘੜੀਸਦਾ ਲੈ ਗਿਆ। ਹਾਦਸੇ ਦੇ ਮੱਦੇਨਜ਼ਰ ਕੌਟਰੈਲ ਬੁਲੇਵਾਰਡ ਤੋਂ ਕਲਾਰਕਵੇਅ ਡਰਾਈਵ ਤੱਕ ਸੜਕ ਨੂੰ ਬੰਦ ਕਰ ਦਿਤਾ ਗਿਆ। ਪੁਲਿਸ ਨੇ ਹਾਦਸੇ ਨੂੰ ਅੱਖੀਂ ਵੇਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਜੇ ਕਿਸੇ ਦੇ ਡੈਸ਼ਕੈਮ ਵਿਚ ਹਾਦਸੇ ਦੀ ਵੀਡੀਉ ਰਿਕਾਰਡ ਹੋ ਗਈ ਹੋਵੇ ਤਾਂ ਤੁਰਤ 905-453-2121 ਐਕਸਟੈਨਸ਼ਨ 3710 'ਤੇ ਕਾਲ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.