ਲਾਹੌਰ, 11 ਜੁਲਾਈ, ਹ.ਬ. : ਪਾਕਿਸਤਾਨ ਦੇ ਪੂਰਵੀ ਪੰਜਾਬ ਸੂਬੇ ਵਿਚ ਤੇਜ਼ ਸਪੀਡ ਨਾਲ ਆ ਰਹੀ ਇੱਕ ਯਾਤਰੀ  ਰੇਲ ਗੱਡੀ ਮਾਲ ਗੱਡੀ ਨਾਲ ਟਕਰਾ ਗਈ। ਇਸ ਵੱਡੇ ਹਾਦਸੇ ਵਿਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 60 ਜਣੇ ਜ਼ਖ਼ਮੀ ਹੋ ਗਏ। ਰੇਡੀਓ ਪਾਕਿਸਤਾਨ ਦੀ ਖ਼ਬਰ ਮੁਤਾਬਕ ਕਵੇਟਾ ਜਾਣ ਵਾਲੀ ਅਕਬਰ ਐਕਸਪ੍ਰੈਸ ਨੇ ਪੰਜਾਬ ਸੂਬੇ ਦੇ ਸਾਦਿਕਾਬਾਦ ਤਹਿਸੀਲ ਵਿਚ ਵਲਹਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਮਾਲ ਗੱਡੀ ਵਿਚ ਟੱਕਰ ਮਾਰੀ।
ਮਾਲਗੱਡੀ ਰੇਲਵੇ ਲਾਈਨ 'ਤੇ ਖੜ੍ਹੀ ਸੀ ਜਦ ਤੇਜ਼ ਸਪੀਡ ਨਾਲ ਆ ਰਹੀ ਯਾਤਰੀ ਟਰੇਨ ਮੁੱਖ ਲਾਈਨ 'ਤੇ ਚਲਣ ਦੀ ਬਜਾਏ ਗਲਤ ਟਰੈਕ 'ਤੇ ਚਲਣ ਲੱਗੀ। ਰਹੀਮ ਯਾਰ ਖਾਨ ਦੇ  ਜ਼ਿਲ੍ਹਾ ਪੁਲਿਸ ਅਧਿਕਾਰੀ ਉਮਰ ਸਲਾਮਤ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਇੱਕ ਔਰਤ ਅਤੇ ਅੱਠ ਪੁਰਸ਼ ਸ਼ਾਮਲ ਹਨ। ਜਦ ਕਿ ਜ਼ਖਮੀਆਂ ਵਿਚ 9 ਮਹਿਲਾਵਾਂ ਅਤੇ 11 ਬੱਚੇ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿਚ ਅਕਬਰ ਐਕਸਪ੍ਰੈਸ ਦਾ ਇੰਜਣ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਤਿੰਨ ਬੋਗੀਆਂ ਵੀ ਨੁਕਸਾਨੀਆਂ ਗਈਆਂ। 
ਜਿਓ ਨਿਊਜ਼ ਦੀ ਖ਼ਬਰ ਦੇ ਅਨੁਸਾਰ, ਜ਼ਖਮੀਆਂ ਨੂੰ ਸਾਦਿਕਾਬਾਦ ਅਤੇ ਰਹੀਮ ਯਾਰ ਖਾਨ ਦੇ ਨਜ਼ਦੀਕੀ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਖ਼ਬਰ ਵਿਚ ਦੱਸਿਆ ਗਿਆ ਕਿ ਟਰੇਨ ਤੋਂ ਇੱਕ ਬੱਚੇ ਅਤੇ ਇੱਕ ਵਿਅਕਤੀ ਨੂੰ ਬਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਹਾਦਸੇ ਵਿਚ ਹੋਰ ਲੋਕਾਂ ਦੇ ਮਰਨ ਦਾ ਖਦਸ਼ਾ ਹੈ। 
ਪ੍ਰਧਾਨ ਮੰਤਰੀ Îਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਟਰੇਨ ਹਾਦਸੇ ਵਿਚ ਲੋਕਾਂ ਦੇ ਮਾਰੇ ਜਾਣ 'ਤੇ ਦੁੱਖ ਜਤਾਇਆ। ਰੇਲ ਮੰਤਰੀ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਹੋਰ ਖਬਰਾਂ »