ਲੰਡਨ, 12 ਜੁਲਾਈ, ਹ.ਬ. :  ਤੇਲ ਟੈਂਕਰ ਨੂੰ ਲੈ ਕੇ ਬਰਤਾਨੀਆ ਅਤੇ ਈਰਾਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਬਰਤਾਨੀਆ ਦੀ ਸਰਕਾਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਹੋਮੁਰਜ ਜਲਡਮਰੂਮੱਧ (ਸਟ੍ਰੇਟ) ਕੋਲ ਈਰਾਨ ਦੇ ਤਿੰਨ ਬੇੜਿਆਂ ਨੇ ਉਸ ਦੇ ਇਕ ਤੇਲ ਟੈਂਕਰ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਰਤਾਨਵੀ ਜਲ ਸੈਨਾ ਨੇ ਇਕ ਜੰਗੀ ਬੇੜੇ ਨਾਲ ਸਾਹਮਣਾ ਹੋਣ 'ਤੇ ਉਹ ਪਿੱਛੇ ਹੱਟ ਗਏ। ਇਸ ਘਟਨਾ ਤੋਂ ਬਾਅਦ ਬਰਤਾਨੀਆ ਨੇ ਈਰਾਨ ਨਾਲੋਂ ਤਣਾਅ ਦੂਰ ਕਰਨ ਦੀ ਅਪੀਲ ਕੀਤੀ ਹੈ ਜਦਕਿ ਬਰਤਾਨੀਆ ਦੇ ਦੋਸ਼ਾਂ ਨੂੰ ਤਹਿਰਾਨ ਨੇ ਖਾਰਜ ਕੀਤਾ ਹੈ, ਉਸ ਨੇ ਬਰਤਾਨਵੀ ਤੇਲ ਟੈਂਕਰ ਦੇ ਮਾਰਗ ਵਿਚ ਰੁਕਾਵਟ ਖੜ੍ਹੀ ਕਰਨ ਦੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪਹਿਲਾਂ ਇਹ ਖ਼ਬਰ ਆਈ ਸੀ ਕਿ ਆਪਣਾ ਤੇਲ ਟੈਂਕਰ ਫੜੇ ਜਾਣ 'ਤੇ ਈਰਾਨ ਨੇ ਬਰਤਾਨਵੀ ਤੇਲ ਟੈਂਕਰ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਰਤਾਨਵੀ ਸਰਕਾਰ ਦੇ ਇਕ ਬੁਲਾਰੇ ਨੇ ਬਿਆਨ ਵਿਚ ਕਿਹਾ, 'ਈਰਾਨੀ ਬੇੜਿਆਂ ਅਤੇ ਬਰਤਾਨਵੀ ਤੇਲ ਟੈਂਕਰ ਹੈਰੀਟੇਜ ਵਿਚਾਲੇ ਜੰਗੀ ਬੇੜੇ ਐੱਚਐੱਮਐੱਸ ਮੋਂਟ੍ਰੋਸ ਨੂੰ ਆਉਣਾ ਪਿਆ ਜ਼ੁਬਾਨੀ ਚਿਤਾਵਨੀ ਦਿੱਤੇ ਜਾਣ 'ਤੇ ਈਰਾਨੀ ਬੇੜੇ ਪਿੱਛੇ ਹੱਟ ਗਏ' ਜਦਕਿ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਨੇ ਬਰਤਾਨੀਆ ਦੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਖ਼ਾਰਜ ਕਰ ਦਿੱਤਾ। ਦੋਵੇਂ ਦੇਸ਼ਾਂ ਵਿਚ ਬੀਤੀ 4 ਜੁਲਾਈ ਨੂੰ ਤਣਾਅ ਉਦੋਂ ਸ਼ੁਰੂ ਹੋਇਆ, ਜਦੋਂ ਬਰਤਾਨਵੀ ਜਲ ਸੈਨਾ ਨੇ ਜਿਬ੍ਰਾਲਟਰ ਟਾਪੂ ਕੋਲ ਈਰਾਨ ਦੇ ਗ੍ਰੇਸ-1 ਨਾਂ ਦੇ ਤੇਲ ਟੈਂਕਰ ਨੂੰ ਫੜ ਲਿਆ ਸੀ, ਉਦੋਂ ਤੋਂ ਇਹ ਟੈਂਕਰ ਜਿਬ੍ਰਾਲਟਰ ਦੇ ਤੱਟ 'ਤੇ ਖੜ੍ਹਾ ਹੈ, 330 ਮੀਟਰ ਲੰਬੇ ਇਸ ਤੇਲ ਟੈਂਕਰ ਨੂੰ ਯੂਰਪੀ ਯੂਨੀਅਨ (ਈਯੂ) ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਕੱਚਾ ਤੇਲ ਸੀਰੀਆ ਲਿਜਾਣ ਦੇ ਸ਼ੱਕ ਵਿਚ ਫੜਿਆ ਗਿਆ ਸੀ। ਤੇਲ ਟੈਂਕਰ ਫੜੇ ਜਾਣ ਤੋਂ ਬਾਅਦ ਈਰਾਨੀ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਦੇ ਰਾਜਦੂਤ ਰਾਬ ਮੈਕੇਅਰ ਨੂੰ ਤਲਬ ਕਰਕੇ ਇਸ ਘਟਨਾ 'ਤੇ ਵਿਰੋਧ ਦਰਜ ਕਰਵਾਇਆ ਸੀ ਅਤੇ ਤੇਲ ਟੈਂਕਰ ਛੱਡਣ ਦੀ ਮੰਗ ਕੀਤੀ ਸੀ, ਨਾਲ ਹੀ ਇਹ ਦੋਸ਼ ਵੀ ਲਾਇਆ ਸੀ ਕਿ ਅਮਰੀਕਾ ਦੇ ਕਹਿਣ 'ਤੇ ਤੇਲ ਟੈਂਕਰ ਨੂੰ ਫੜਿਆ ਗਿਆ। ਇਸ ਤੋਂ ਬਾਅਦ ਬੀਤੀ ਬੁੱਧਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਸੀ ਕਿ ਬਰਤਾਨੀਆ ਨੂੰ ਸਾਡਾ ਤੇਲ ਟੈਂਕਰ ਫੜਨ ਦੇ ਨਤੀਜੇ ਭੁਗਤਣੇ ਹੋਣਗੇ। ਹੋਮੁਰਜ ਜਲਡਮਰੂਮੱਧ (ਸਟ੍ਰੇਟ) ਕੋਲ ਓਮਾਨ ਦੀ ਖਾੜੀ ਵਿਚ ਬੀਤੀ 13 ਜੂਨ ਨੂੰ ਦੋ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸੇ ਖੇਤਰ ਵਿਚ ਬੀਤੀ 12 ਮਈ ਨੂੰ ਵੀ ਚਾਰ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਦੋਂ ਸਾਊਦੀ ਅਰਬ ਨੇ ਹਮਲੇ ਵਿਚ ਈਰਾਨ ਦਾ ਹੱਥ ਦੱਸਿਆ ਸੀ ਇਨ੍ਹਾਂ ਦੋਸ਼ਾਂ ਤੋਂ ਤਹਿਰਾਨ ਨੇ ਇਨਕਾਰ ਕੀਤਾ ਸੀ। ਈਰਾਨ ਨੇ ਬੀਤੀ 20 ਜੂਨ ਨੂੰ ਅਮਰੀਕੀ ਫ਼ੌਜ ਦੇ ਇਕ ਡ੍ਰੋਨ ਨੂੰ ਡੇਗ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.